ਆਮ ਜਾਣਕਾਰੀ
ਬ੍ਰਾਹਮੀ ਦਾ ਬੋਟਨੀਕਲ ਨਾਮ ਬਕੋਪਾ ਮੋਨੀਅਰੀ ਹੈ ਅਤੇ ਇਹ ਸਕਰੋਫੁਲਰੇਸੀ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਆਮ ਤੌਰ ਤੇ ਗਰਮ ਅਤੇ ਨਮੀ ਵਾਲੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਪੂਰੀ ਜੜ੍ਹੀ-ਬੂਟੀ, ਜਿਵੇਂ ਕਿ ਇਸਦੇ ਬੀਜ, ਜੜ੍ਹਾਂ, ਪੱਤੇ, ਗੰਢੀਆਂ ਆਦਿ, ਦੀ ਵਰਤੋਂ ਵੱਖ-ਵੱਖ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਬ੍ਰਾਹਮੀ ਤੋਂ ਤਿਆਰ ਦਵਾਈ ਕੈਂਸਰ ਦੇ ਵਿਰੁੱਧ ਅਤੇ ਅਨੀਮੀਆ, ਦਮਾ, ਮੂਤਰ-ਵਰਧਕ, ਰਸੌਲੀ ਅਤੇ ਮਿਰਗੀ ਆਦਿ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਸਦੀ ਵਰਤੋਂ ਸੱਪ ਦੇ ਕੱਟਣ ਤੇ ਵੀ ਇਲਾਜ ਵਜੋਂ ਕੀਤੀ ਜਾਂਦੀ ਹੈ। ਇਹ ਇੱਕ ਸਾਲਾਨਾ ਜੜ੍ਹੀ-ਬੂਟੀ ਹੈ, ਜਿਸਦਾ ਕੱਦ 2-3 ਫੁੱਟ ਹੁੰਦਾ ਹੈ ਅਤੇ ਇਸਦੀਆਂ ਜੜ੍ਹਾਂ ਗੰਢੀਆਂ ਤੋਂ ਫੈਲੀਆਂ ਹੁੰਦੀਆਂ ਹਨ। ਇਸਦੇ ਫੁੱਲਾਂ ਦਾ ਰੰਗ ਚਿੱਟਾ ਜਾਂ ਪੀਲਾ-ਨੀਲਾ ਹੁੰਦਾ ਹੈ ਅਤੇ ਫਲ ਛੋਟੇ ਅਤੇ ਅੰਡਾਕਾਰ ਹੁੰਦੇ ਹਨ। ਇਸਦੇ ਬੀਜਾਂ ਦਾ ਆਕਾਰ 0.2-0.3 ਮਿ.ਮੀ. ਅਤੇ ਰੰਗ ਗੂੜਾ-ਭੂਰਾ ਹੁੰਦਾ ਹੈ। ਉੱਤਰੀ ਅਤੇ ਦੱਖਣੀ ਅਮਰੀਕਾ, ਯੂਰਪ, ਆਸਟ੍ਰੇਲੀਆ, ਦੱਖਣੀ ਭਾਰਤ, ਏਸ਼ੀਆ ਅਤੇ ਅਫਰੀਕਾ ਆਦਿ ਬ੍ਰਾਹਮੀ ਪੈਦਾ ਕਰਨ ਵਾਲੇ ਮੁੱਖ ਦੇਸ਼ ਹਨ।