ਆਮ ਜਾਣਕਾਰੀ
ਸ਼ਤਾਵਰੀ ਇਕ ਸਹਾਇਕ ਜੜ੍ਹੀ-ਬੂਟੀ ਹੈ, ਜੋ ਮਨੁੱਖੀ ਸਰੀਰ ਲਈ ਖਾਸ ਕਰ ਔਰਤਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਇਹ ਇੱਕ ਚਿਕਿਤਸਿਕ ਜੜ੍ਹੀ-ਬੂਟੀ ਹੈ ਅਤੇ ਇਸਦੀ 500 ਟਨ ਜੜ੍ਹਾਂ ਦੀ ਵਰਤੋਂ ਭਾਰਤ ਵਿੱਚ ਹਰ ਸਾਲ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਸ਼ਤਾਵਰੀ ਤੋਂ ਤਿਆਰ ਦਵਾਈਆਂ ਦੀ ਵਰਤੋਂ ਗੈਸਟ੍ਰਿਕ ਅਲਸਰ, ਬਦਹਜ਼ਮੀ ਅਤੇ ਘਬਰਾਹਟ ਲਈ ਕੀਤੀ ਜਾਂਦੀ ਹੈ। ਇਸਦਾ ਪੌਦਾ ਝਾੜੀ ਵਾਲਾ ਹੁੰਦਾ ਹੈ, ਜਿਸਦੀ ਔਸਤਨ ਉੱਚਾਈ 1-3 ਮੀਟਰ ਹੁੰਦੀ ਹੈ ਅਤੇ ਇਸ ਦੀਆਂ ਜੜ੍ਹਾਂ ਗੁੱਛਿਆਂ ਵਿੱਚ ਹੁੰਦੀਆਂ ਹਨ। ਇਸਦੇ ਫੁੱਲ ਸ਼ਾਖਾਵਾਂ 'ਤੇ ਹੁੰਦੇ ਹਨ ਅਤੇ 3 ਸੈ.ਮੀ. ਲੰਬੇ ਹੁੰਦੇ ਹਨ। ਇਸਦੇ ਫੁੱਲ ਚਿੱਟੇ ਰੰਗ ਦੇ, ਵਧੀਆ ਖੁਸ਼ਬੂ ਵਾਲੇ ਅਤੇ 3 ਮਿ.ਮੀ. ਲੰਬੇ ਹੁੰਦੇ ਹਨ। ਇਸਦਾ ਪ੍ਰਾਗਕੋਸ਼ ਜਾਮੁਨੀ ਅਤੇ ਫਲ ਜਾਮੁਨੀ-ਲਾਲ ਰੰਗ ਦੇ ਹੁੰਦੇ ਹਨ। ਇਹ ਅਫਰੀਕਾ, ਸ਼੍ਰੀ ਲੰਕਾ, ਚੀਨ, ਭਾਰਤ ਅਤੇ ਹਿਮਾਲਿਆ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਅਰੁਣਾਚਲ ਪ੍ਰਦੇਸ਼, ਆਸਾਮ, ਛੱਤੀਸਗੜ੍ਹ, ਦਿੱਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਕੇਰਲਾ ਅਤੇ ਪੰਜਾਬ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ।