ਆਮ ਜਾਣਕਾਰੀ
ਇਸਨੂੰ ਫਿੰਗਰ ਬਾਜਰਾ, ਅਫਰੀਕਨ ਰਾਗੀ, ਲਾਲ ਬਾਜਰਾ ਆਦਿ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਭ ਤੋਂ ਪੁਰਾਣੀ ਖਾਣੇ ਵਾਲੀ ਅਤੇ ਪਹਿਲੀ ਅਨਾਜ ਵਾਲੀ ਫਸਲ ਹੈ, ਜੋ ਘਰੇਲੂ ਪੱਧਰ ਤੇ ਵਰਤੀ ਜਾਂਦੀ ਹੈ। ਇਸਦਾ ਅਸਲ ਮੂਲ ਸਥਾਨ ਇਥਿਓਪੀਆਈ ਉੱਚ ਜ਼ਮੀਨ ਹੈ ਅਤੇ ਇਹ ਭਾਰਤ ਵਿੱਚ ਲਗਭਗ 4000 ਸਾਲ ਪਹਿਲਾਂ ਲਿਆਂਦੀ ਗਈ। ਇਸਨੂੰ ਖੁਸ਼ਕ ਮੌਸਮ ਵਿੱਚ ਉਗਾਇਆ ਜਾ ਸਕਦਾ ਹੈ। ਇਹ ਗੰਭੀਰ ਸੋਕੇ ਨੂੰ ਵੀ ਸਹਾਰ ਸਕਦੀ ਹੈ ਅਤੇ ਉੱਚਾਈ ਵਾਲੇ ਖੇਤਰਾਂ ਵਿੱਚ ਵੀ ਲਗਾਈ ਜਾ ਸਕਦੀ ਹੈ। ਇਹ ਘੱਟ ਸਮੇਂ ਵਾਲੀ ਫਸਲ ਹੈ ਅਤੇ ਇਸਦੀ ਕਟਾਈ 65 ਦਿਨਾਂ ਵਿੱਚ ਕੀਤੀ ਜਾ ਸਕਦੀ ਹੈ। ਇਸਨੂੰ ਬੜੀ ਆਸਾਨੀ ਨਾਲ ਸਾਰਾ ਸਾਲ ਉਗਾਇਆ ਜਾ ਸਕਦਾ ਹੈ। ਸਾਰੇ ਬਾਜਰੇ ਵਾਲੀਆਂ ਫਸਲਾਂ ਵਿੱਚ ਇਹ ਸੱਭ ਤੋਂ ਜ਼ਿਆਦਾ ਉਗਾਈ ਜਾਣ ਵਾਲੀ ਫਸਲ ਹੈ। ਬਾਕੀ ਅਨਾਜ ਅਤੇ ਬਾਜਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਇਸ ਵਿੱਚ ਪ੍ਰੋਟੀਨ ਅਤੇ ਖਣਿਜਾਂ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਵਿੱਚ ਮਹੱਤਵਪੂਰਨ ਅਮੀਨੋ ਐਸਿਡ ਵੀ ਪਾਇਆ ਜਾਂਦਾ ਹੈ। ਇਸ ਵਿੱਚ ਕੈਲਸ਼ੀਅਮ (344 ਮਿ.ਗ੍ਰਾ.) ਅਤੇ ਪੋਟਾਸ਼ੀਅਮ (408 ਮਿ.ਗ੍ਰਾ.) ਦੀ ਭਰਪੂਰ ਮਾਤਰਾ ਹੁੰਦੀ ਹੈ। ਘੱਟ ਹੀਮੋਗਲੋਬਿਨ ਵਾਲੇ ਵਿਅਕਤੀ ਲਈ ਇਹ ਬਹੁਤ ਲਾਭਦਾਇਕ ਹੈ, ਕਿਉਂਕਿ ਇਸ ਵਿੱਚ ਲੋਹ ਤੱਤਾਂ ਦੀ ਕਾਫੀ ਮਾਤਰਾ ਹੁੰਦੀ ਹੈ।