ਕਪਾਹ ਦੀ ਖੇਤੀ

ਆਮ ਜਾਣਕਾਰੀ

ਨਰਮਾ ਵਿਸ਼ਵ ਅਤੇ ਭਾਰਤ ਦੀ ਇੱਕ ਬਹੁਤ ਹੀ ਮਹੱਤਵਪੂਰਨ ਰੇਸ਼ੇ ਵਾਲੀ ਅਤੇ ਵਪਾਰਕ ਫ਼ਸਲ ਹੈ। ਇਹ ਦੇਸ਼ ਦੇ ਉਦਯੋਗਿਕ ਅਤੇ ਖੇਤੀਬਾੜੀ ਖੇਤਰਾਂ ਦੇ ਵਿੱਤੀ ਵਿਕਾਸ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਨਰਮਾ ਕੱਪੜਾ ਉਦਯੋਗ ਨੂੰ ਇੱਕ ਮੁੱਢਲਾ ਕੱਚਾ ਮਾਲ ਮੁਹੱਈਆ ਕਰਵਾਉਣ ਵਾਲੀ ਮੁੱਖ ਫ਼ਸਲ ਹੈ। ਨਰਮਾ ਭਾਰਤ ਦੇ 60 ਲੱਖ ਕਿਸਾਨਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਂਦਾ ਹੈ ਅਤੇ ਨਰਮੇ ਦੇ ਵਪਾਰ ਤੋਂ ਲਗਭਗ 40-50 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਨਰਮੇ ਦੀ ਫਸਲ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ ਅਤੇ ਪਾਣੀ ਦਾ ਲਗਭਗ 6% ਹਿੱਸਾ ਨਰਮੇ ਦੀ ਸਿੰਚਾਈ ਕਰਨ ਲਈ ਵਰਤਿਆ ਜਾਂਦਾ ਹੈ। ਭਾਰਤ ਵਿੱਚ ਨਰਮੇ ਦੀ ਖੇਤੀ ਲਈ ਬਹੁਤ ਜ਼ਿਆਦਾ ਹਾਨੀਕਾਰਕ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਵਿੱਚ ਨਰਮੇ ਦੀ ਖੇਤੀ ਮੁੱਖ ਤੌਰ ਤੇ ਮਹਾਂਰਾਸ਼ਟਰ, ਗੁਜਰਾਤ, ਕਰਨਾਟਕਾ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਹਰਿਆਣਾ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ। ਨਰਮੇ ਦੀ ਪੈਦਾਵਾਰ ਵਿੱਚ ਗੁਜਰਾਤ ਦਾ ਪਹਿਲਾ ਸਥਾਨ ਆਉਂਦਾ ਹੈ ਅਤੇ ਇਸ ਤੋਂ ਬਾਅਦ ਮਹਾਂਰਾਸ਼ਟਰ ਅਤੇ ਫਿਰ ਪੰਜਾਬ ਦਾ ਨੰਬਰ ਆਉਂਦਾ ਹੈ। ਨਰਮਾ ਪੰਜਾਬ ਦੀ ਸਭ ਤੋਂ ਜ਼ਿਆਦਾ ਉਗਾਈ ਜਾਣ ਵਾਲੀ ਸਾਉਣੀ ਦੀ ਫਸਲ ਹੈ। ਰਾਜ ਵਿੱਚ ਇਸ ਦੇ ਰੇਸ਼ੇ ਦੀ ਕੁੱਲ ਪੈਦਾਵਾਰ ਲਗਭਗ 697 ਕਿਲੋ ਪ੍ਰਤੀ ਹੈਕਟੇਅਰ ਹੁੰਦੀ ਹੈ।

ਜਲਵਾਯੂ

  • Season

    Temperature

    15-35°C
  • Season

    Sowing Temperature

    25-35°C
  • Season

    Harvesting Temperature

    15-25°C
  • Season

    Rainfall

    55-100 cm
  • Season

    Temperature

    15-35°C
  • Season

    Sowing Temperature

    25-35°C
  • Season

    Harvesting Temperature

    15-25°C
  • Season

    Rainfall

    55-100 cm
  • Season

    Temperature

    15-35°C
  • Season

    Sowing Temperature

    25-35°C
  • Season

    Harvesting Temperature

    15-25°C
  • Season

    Rainfall

    55-100 cm

ਮਿੱਟੀ

ਇਸ ਨੂੰ ਹਰ ਤਰ੍ਹਾਂ ਦੀ ਮਿੱਟੀ, ਜਿਸ ਦੀ pH ਦਰ 6-8 ਹੁੰਦੀ ਹੈ, ਵਿੱਚ ਉਗਾਇਆ ਜਾ ਸਕਦਾ ਹੈ। ਇਸ ਫਸਲ ਦੀ ਪੈਦਾਵਾਰ ਲਈ ਡੂੰਘੀ, ਨਰਮ, ਚੰਗੇ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਨਰਮੇ ਦੀ ਬਿਜਾਈ ਲਈ ਰੇਤਲੀ, ਖਾਰੀ ਜਾਂ ਪਾਣੀ ਦੀ ਖੜੋਤ ਵਾਲੀ ਜ਼ਮੀਨ ਠੀਕ ਨਹੀਂ ਹੁੰਦੀ। ਮਿੱਟੀ ਦੀ ਡੂੰਘਾਈ 20-25 ਸੈਂ.ਮੀ. ਤੋਂ ਘੱਟ ਨਹੀਂ ਹੋਣੀ ਚਾਹੀਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

RCH134Bt: ਇਹ ਨਰਮੇ ਦੀ ਸਭ ਤੋਂ ਉੱਚ ਪੈਦਾਵਾਰ ਵਾਲੀ ਬੀ ਟੀ ਕਿਸਮ ਹੈ। ਇਹ ਕਿਸਮ ਸੁੰਡੀ ਅਤੇ ਅਮਰੀਕਨ ਸੁੰਡੀ ਦੀ ਰੋਧਕ ਹੈ। ਇਹ ਕਿਸਮ 160-165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 11.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੇ ਰੇਸ਼ੇ ਦੀ ਗੁਣਵੱਤਾ ਬਹੁਤ ਵਧੀਆ ਹੁੰਦੀ ਹੈ ਅਤੇ ਇਸ ਦੀ ਪਿੰਜਾਈ ਤੋਂ ਬਾਅਦ 34.4% ਤੱਕ ਰੂੰ ਤਿਆਰ ਹੁੰਦੀ ਹੈ। 

RCH 317Bt: ਇਹ ਨਰਮੇ ਦੀ ਉੱਚ ਪੈਦਾਵਾਰ ਵਾਲੀ ਬੀ ਟੀ ਕਿਸਮ ਹੈ। ਇਹ ਕਿਸਮ ਧੱਬੇਦਾਰ ਸੁੰਡੀ ਅਤੇ ਅਮਰੀਕਨ ਸੁੰਡੀ ਦੀ ਰੋਧਕ ਹੈ। ਇਹ ਕਿਸਮ 160-165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਟੀਂਡੇ ਦਾ ਭਾਰ 3.8 ਗ੍ਰਾਮ ਹੁੰਦਾ ਹੈ ਅਤੇ ਇਹ ਪੂਰੀ ਤਰ੍ਹਾਂ ਫੁੱਲ ਕੇ ਖਿੜ ਜਾਂਦਾ ਹੈ। ਇਸ ਦੀ ਔਸਤਨ ਪੈਦਾਵਾਰ 10.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ ਪਿੰਜਾਈ ਤੋਂ ਬਾਅਦ 33.9% ਤੱਕ ਰੂੰ ਪ੍ਰਾਪਤ ਹੁੰਦੀ ਹੈ। 

MRC 6301Bt: ਇਹ ਨਰਮੇ ਦੀ ਉੱਚ ਪੈਦਾਵਾਰ ਵਾਲੀ ਬੀ ਟੀ ਕਿਸਮ ਹੈ। ਇਹ ਕਿਸਮ ਧੱਬੇਦਾਰ ਸੁੰਡੀ ਅਤੇ ਅਮਰੀਕਨ ਸੁੰਡੀ ਦੀ ਰੋਧਕ ਹੈ। ਇਹ ਕਿਸਮ 160-165 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਟੀਂਡੇ ਦਾ ਭਾਰ 4.3 ਗ੍ਰਾਮ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 10 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਅਤੇ ਇਸ ਦੀ ਪਿੰਜਾਈ ਤੋਂ ਬਾਅਦ 34.7% ਤੱਕ ਰੂੰ ਪ੍ਰਾਪਤ ਹੁੰਦੀ ਹੈ। 

MRC 6304BT: ਇਹ ਨਰਮੇ ਦੀ ਉੱਚ ਪੈਦਾਵਾਰ ਵਾਲੀ ਬੀ ਟੀ ਕਿਸਮ ਹੈ। ਇਹ ਕਿਸਮ ਧੱਬੇਦਾਰ ਸੁੰਡੀ ਅਤੇ ਅਮਰੀਕਨ ਸੁੰਡੀ ਦੀ ਰੋਧਕ ਕਿਸਮ ਹੈ। ਇਹ ਕਿਸਮ 160-165 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੇ ਟੀਂਡੇ ਦਾ ਭਾਰ 3.9 ਗ੍ਰਾਮ ਹੁੰਦਾ ਹੈ। ਇਸ ਦੀ ਔਸਤਨ ਪੈਦਾਵਾਰ 10.1 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਅਤੇ ਇਸ ਦੀ ਪਿੰਜਾਈ ਤੋਂ ਬਾਅਦ 35.2% ਤੱਕ ਰੂੰ ਪ੍ਰਾਪਤ ਹੁੰਦੀ ਹੈ। 

Ankur 651: ਇਹ ਕਿਸਮ ਤੇਲੇ ਅਤੇ ਪੱਤਾ ਮਰੋੜ ਦੀ ਰੋਧਕ ਹੈ। ਬੂਟੇ ਦਾ ਔਸਤਨ ਕੱਦ 97 ਸੈਂ.ਮੀ. ਹੁੰਦਾ ਹੈ। ਇਹ ਕਿਸਮ 170 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਕਿਸਮ ਨਰਮਾ-ਕਣਕ ਦੇ ਫਸਲੀ-ਚੱਕਰ ਦੇ ਅਨੁਕੂਲ ਹੈ। ਇਸ ਦੀ ਔਸਤਨ ਪੈਦਾਵਾਰ 7 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ ਪਿੰਜਾਈ ਤੋਂ ਬਾਅਦ 32.5% ਤੱਕ ਰੂੰ ਪ੍ਰਾਪਤ ਹੁੰਦੀ ਹੈ। 

Whitegold: ਇਹ ਹਾਈਬ੍ਰਿਡ ਕਿਸਮ ਹੈ, ਜੋ ਕਿ ਪੱਤਾ ਮਰੋੜ ਬਿਮਾਰੀ ਦੀ ਰੋਧਕ ਹੈ। ਇਸ ਦੇ ਪੱਤੇ ਗੂੜੇ ਹਰੇ ਰੰਗ ਦੇ, ਚੌੜੇ ਅਤੇ ਉਂਗਲੀਆਂ ਦੇ ਆਕਾਰ ਦੇ ਬਣੇ ਹੁੰਦੇ ਹਨ। ਬੂਟੇ ਦਾ ਔਸਤਨ ਕੱਦ 125 ਸੈਂ.ਮੀ. ਹੁੰਦਾ ਹੈ। ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 6.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ ਪਿੰਜਾਈ ਤੋਂ ਬਾਅਦ 30% ਤੱਕ ਰੂੰ ਪ੍ਰਾਪਤ ਹੁੰਦੀ ਹੈ। 

LHH 144: ਇਹ ਹਾਈਬ੍ਰਿਡ ਕਿਸਮ ਹੈ, ਜੋ ਕਿ ਪੱਤਾ ਮਰੋੜ ਬਿਮਾਰੀ ਦੀ ਰੋਧਕ ਹੈ। ਇਸ ਦੇ ਪੱਤੇ ਭਿੰਡੀ ਦੇ ਪੱਤਿਆਂ ਵਰਗੇ ਹੁੰਦੇ ਹਨ। ਇਸ ਦੇ ਟਿੰਡੇ ਦਾ ਔਸਤਨ ਭਾਰ 5.5 ਗ੍ਰਾਮ ਹੁੰਦਾ ਹੈ। ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਕਿਸਮ ਨਰਮਾ-ਕਣਕ ਦੇ ਫਸਲੀ-ਚੱਕਰ ਦੇ ਅਨੁਕੂਲ ਹੈ। ਇਸ ਦੀ ਔਸਤਨ ਪੈਦਾਵਾਰ 7.6 ਕੁਇੰਟਲ ਪ੍ਰਤੀ ਏਕੜ ਹੈ ਅਤੇ ਪਿੰਜਾਈ ਤੋਂ ਬਾਅਦ 33% ਤੱਕ ਰੂੰ ਪ੍ਰਾਪਤ ਹੁੰਦੀ ਹੈ। 

F1861: ਇਹ ਕਿਸਮ ਪੱਤਾ ਮਰੋੜ ਬਿਮਾਰੀ ਨੂੰ ਸਹਾਰਨਯੋਗ ਹੈ। ਇਸ ਦੇ ਪੌਦੇ ਦਾ ਕੱਦ ਲਗਭਗ 135 ਸੈਂ.ਮੀ. ਹੁੰਦਾ ਹੈ। ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 6.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ ਪਿੰਜਾਈ ਤੋਂ ਬਾਅਦ 33.5% ਤੱਕ ਰੂੰ ਪ੍ਰਾਪਤ ਹੁੰਦੀ ਹੈ। 

F1378: ਇਹ ਕਿਸਮ ਕਾਫ਼ੀ ਜ਼ਿਆਦਾ ਪੈਦਾਵਾਰ ਵਾਲੀ ਮੰਨੀ ਜਾਂਦੀ ਹੈ। ਇਸ ਦੇ ਪੌਦੇ ਦਾ ਕੱਦ ਲਗਭਗ 150 ਸੈਂ.ਮੀ. ਹੁੰਦਾ ਹੈ। ਇਸ ਦੀ ਟੀਂਡੇ ਖਿੜ੍ਹੇ ਹੋਏ ਵੱਡੇ ਅਤੇ ਗੋਲ ਹੁੰਦੇ ਹਨ। ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 10 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ ਪਿੰਜਾਈ ਤੋਂ ਬਾਅਦ 35.5% ਤੱਕ ਰੂੰ ਪ੍ਰਾਪਤ ਹੁੰਦੀ ਹੈ| 

F846: ਇਹ ਕਿਸਮ ਦਰਮਿਆਨੀ ਸੰਘਣੀ ਅਤੇ ਵੱਧ ਪੈਦਾਵਾਰ ਵਾਲੀ ਹੁੰਦੀ ਹੈ। ਇਸ ਦੇ ਪੌਦੇ ਦਾ ਕੱਦ ਲਗਭਗ 134 ਸੈਂ.ਮੀ. ਹੁੰਦਾ ਹੈ। ਇਹ ਕਿਸਮ 180 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 11 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਇਸ ਦੀ ਪਿੰਜਾਈ ਤੋਂ ਬਾਅਦ 35.3% ਤੱਕ ਰੂੰਈ ਪ੍ਰਾਪਤ ਹੁੰਦੀ ਹੈ। 

LHH 1556: ਇਹ ਘੱਟ ਸਮੇਂ ਵਿਚ ਤਿਆਰ ਹੋਣ ਵਾਲੀ ਕਿਸਮ ਹੈ। ਇਸ ਦੇ ਪੌਦੇ ਦਾ ਕੱਦ ਲਗਭਗ 140 ਸੈਂ.ਮੀ. ਹੁੰਦਾ ਹੈ। ਇਸ ਦੇ ਪੱਤੇ ਹਲਕੇ ਹਰੇ ਰੰਗ ਦੇ ਅਤੇ ਟੀਂਡੇ ਗੋਲ ਆਕਾਰ ਦੇ ਹੁੰਦੇ ਹਨ। ਇਹ 165 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 8.5 ਕੁਇੰਟਲ ਪ੍ਰਤੀ ਏਕੜ ਹੈ। 

Moti: ਇਹ ਸੋਕੇ ਦੀ ਬਿਮਾਰੀ ਨੂੰ ਸਹਿਣਯੋਗ ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਹੈ। ਇਸ ਦੇ ਪੌਦੇ ਦਾ ਕੱਦ ਲਗਭਗ 164 ਸੈਂ.ਮੀ. ਹੁੰਦਾ ਹੈ। ਇਸ ਦੇ ਪੱਤੇ ਤੰਗ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਸ ਦੇ ਟੀਂਡੇ ਵੱਡੇ ਆਕਾਰ ਦੇ ਹੁੰਦੇ ਹਨ। ਇਹ 165 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 8.45 ਕੁਇੰਟਲ ਪ੍ਰਤੀ ਏਕੜ ਹੈ। ਪਿੰਜਾਈ ਤੋਂ ਬਾਅਦ ਇਸ ਤੋਂ 38.6% ਰੂੰ ਤਿਆਰ ਹੁੰਦੀ ਹੈ। 

ਦੇਸੀ ਕਿਸਮਾਂ 

FMDH 9: ਇਸ ਕਿਸਮ ਦੇ ਪੌਦੇ ਹਰੇ, ਪੱਤੇ ਤੰਗ ਅਤੇ ਉਂਗਲੀਆਂ ਦੇ ਆਕਾਰ ਦੇ ਹੁੰਦੇ ਹਨ। ਇਸਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ। ਇਸਦੇ ਟੀਂਡੇ ਦਰਮਿਆਨੇ ਆਕਾਰ ਦੇ ਅਤੇ ਖਿੜੇ ਹੋਏ ਹੁੰਦੇ ਹਨ। ਇਹ ਕਿਸਮ 160 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਤੇਲੇ ਅਤੇ ਚਿੱਟੀ ਮੱਖੀ ਦੀ ਰੋਧਕ ਕਿਸਮ ਹੈ। ਇਹ ਕਿਸਮ ਸੋਕਾ ਰੋਗ ਅਤੇ ਝੁਲਸ ਰੋਗ ਨੂੰ ਸਹਾਰਨਯੋਗ ਹੈ। ਇਸਦੀ ਔਸਤਨ ਪੈਦਾਵਾਰ 10 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਪਿੰਜਾਈ ਤੋਂ ਬਾਅਦ 37.3% ਤੱਕ ਰੂੰ ਪ੍ਰਾਪਤ ਹੁੰਦੀ ਹੈ ਅਤੇ ਰੇਸ਼ੇ ਦੀ ਲੰਬਾਈ 23.4 ਮਿ.ਮੀ. ਹੁੰਦੀ ਹੈ। 

FDK 124: ਇਹ ਵਧੇਰੇ ਝਾੜ ਵਾਲੀ ਅਤੇ ਛੇਤੀ ਪੱਕਣ ਵਾਲੀ ਫਸਲ ਹੈ। ਇਸਦੇ ਪੱਤੇ ਹਰੇ, ਤੰਗ ਅਤੇ ਉਂਗਲੀਆਂ ਦੇ ਆਕਾਰ ਵਿੱਚ ਹੁੰਦੇ ਹਨ। ਇਹ ਕਿਸਮ 160 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਤੇਲੇ ਅਤੇ ਚਿੱਟੀ ਮੱਖੀ ਦੀ ਰੋਧਕ ਕਿਸਮ ਹੈ। ਇਸਦੀ ਔਸਤਨ ਪੈਦਾਵਾਰ 9.3 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀ ਪਿੰਜਾਈ ਤੋਂ ਬਾਅਦ 36.4% ਤੱਕ ਰੂੰ ਪ੍ਰਾਪਤ ਹੁੰਦੀ ਹੈ ਅਤੇ ਰੇਸ਼ੇ ਦੀ ਲੰਬਾਈ 21 ਮਿ.ਮੀ. ਹੁੰਦੀ ਹੈ। 

LD 694: ਇਹ ਨਰਮੇ ਦੀ ਦੇਸੀ ਕਿਸਮ ਹੈ। ਇਸ ਦੇ ਪੱਤੇ ਤੰਗ ਅਤੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ। ਇਸ ਦੇ ਟੀਂਡੇ ਵੱਡੇ ਆਕਾਰ ਹੁੰਦੇ ਹਨ। ਇਹ 170 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 7 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਪਿੰਜਾਈ ਤੋਂ ਬਾਅਦ ਇਸ ਤੋਂ 40.9% ਰੂੰ ਤਿਆਰ ਹੁੰਦੀ ਹੈ। ਇਹ ਕਿਸਮ ਸੋਕਾ ਰੋਗ ਨੂੰ ਸਹਿਣਯੋਗ ਅਤੇ ਤੇਲੇ ਦੀ ਰੋਧਕ ਕਿਸਮ ਹੈ। 

LD 327: ਇਹ ਉੱਚ ਪੈਦਾਵਾਰ ਵਾਲੀ ਕਿਸਮ ਹੈ। ਇਸ ਦੇ ਬੂਟੇ ਲਾਲ-ਭੂਰੇ ਰੰਗ ਦੇ ਹੁੰਦੇ ਹਨ ਅਤੇ ਇਸ ਦੇ ਪੱਤੇ ਕੱਟਦਾਰ ਅਤੇ ਤੰਗ ਹੁੰਦੇ ਹਨ। ਇਸ ਦੇ ਫੁੱਲ ਗੁਲਾਬੀ ਰੰਗ ਦੇ ਹੁੰਦੇ ਹਨ। ਇਸ ਦੇ ਟੀਂਡੇ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਚੁਗਾਈ ਆਸਾਨ ਹੁੰਦੀ ਹੈ। ਇਹ 175 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਹ ਸੋਕਾ ਰੋਗ ਦੀ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 11.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਅਤੇ ਪਿੰਜਾਈ ਤੋਂ ਬਾਅਦ ਇਸ ਤੋਂ 41.9% ਰੂੰ ਤਿਆਰ ਹੁੰਦੀ ਹੈ। 

LD 1019: ਇਹ ਕਿਸਮ ਪੱਤਿਆਂ ਦੇ ਝੁਲਸਣ ਦੀ ਰੋਧਕ ਹੈ। ਇਸਦੀ ਔਸਤਨ ਪੈਦਾਵਾਰ 8.6 ਕੁਇੰਟਲ ਪ੍ਰਤੀ ਏਕੜ ਹੈ। ਇਸ ਦੀਆਂ 2-3 ਚੁਗਾਈਆਂ ਦੀ ਲੋੜ ਹੁੰਦੀ ਹੈ। ਇਸ ਦੀ ਰੇਸ਼ੇ ਦੀ ਲੰਬਾਈ 22.6 ਮਿ.ਮੀ. ਹੁੰਦੀ ਹੈ ਅਤੇ ਇਸ ਤੋਂ 35.77% ਰੂੰ ਪ੍ਰਾਪਤ ਹੁੰਦੀ ਹੈ। 

ਪ੍ਰਸਿੱਧ ਕਿਸਮਾਂ 

BCHH 6488 BG II: ਇਹ ਇੱਕ ਹਾਈਬ੍ਰਿਡ ਕਿਸਮ ਹੈ, ਜਿਸਦੇ ਪੱਤੇ ਹਰੇ, ਤੰਗ, ਉਂਗਲੀਆਂ ਦੇ ਆਕਾਰ ਅਤੇ ਫੁੱਲ ਕਰੀਮ ਰੰਗ ਦੇ ਹੁੰਦੇ ਹਨ। ਇਹ ਕਿਸਮ 165-170 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀ ਪਿੰਜਾਈ ਤੋਂ ਬਾਅਦ 34.5% ਤੱਕ ਰੂੰ ਪ੍ਰਾਪਤ ਹੁੰਦਾ ਹੈ ਅਤੇ ਰੇਸ਼ੇ ਦੀ ਲੰਬਾਈ 27 ਮਿ.ਮੀ. ਹੁੰਦੀ ਹੈ। ਪਰ ਇਸ ਕਿਸਮ ਤੇ ਪੱਤਾ ਮਰੋੜ ਬਿਮਾਰੀ ਅਤੇ ਸੋਕਾ ਰੋਗ ਦੇ ਹਮਲੇ ਦਾ ਖਤਰਾ ਜ਼ਿਆਦਾ ਹੁੰਦਾ ਹੈ। 

BCHH 6588 BG II: ਇਹ ਕਿਸਮ ਕਿਸਾਨਾਂ ਵਿੱਚ ਬਹੁਤ ਪ੍ਰਸਿੱਧ ਹੈ। 

ਨਰਮੇ ਦੀਆਂ ਅਮਰੀਕਨ ਕਿਸਮਾਂ 

PAU Bt 1: ਇਹ ਸਭ ਤੋਂ ਪਹਿਲੀ ਬੀ ਟੀ ਕਿਸਮ ਜੋ ਭਾਰਤ ਵਿੱਚ ਸਾਰਕਾਰੀ ਅਦਾਰੇ ਵੱਲੋਂ ਵਿਕਸਿਤ ਕੀਤੀ ਗਈ ਹੈ। ਇਸਦੀ ਔਸਤਨ ਪੈਦਾਵਾਰ 11.2 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪੱਤਾ ਮਰੋੜ ਬਿਮਾਰੀ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ। ਇਸ ਦੇ ਟੀਂਡੇ ਦਾ ਭਾਰ 4.3 ਗ੍ਰਾਮ ਹੁੰਦਾ ਹੈ ਅਤੇ ਪਿੰਜਾਈ ਤੋਂ ਬਾਅਦ 41.4% ਤੱਕ ਰੂੰ ਪ੍ਰਾਪਤ ਹੁੰਦਾ ਹੈ।  

RCH 650 BG II: ਇਹ ਵਧੇਰੇ ਝਾੜ ਵਾਲੀ ਹਾਈਬ੍ਰਿਡ ਬੀ ਟੀ ਕਿਸਮ ਹੈ, ਜੋ ਕਿ ਅਮਰੀਕਨ, ਗੁਲਾਬੀ ਅਤੇ ਧੱਬੇਦਾਰ ਸੁੰਡੀਆਂ ਦੀ ਰੋਧਕ ਹੈ। ਇਹ ਤੰਬਾਕੂ ਵਾਲੀ ਸੁੰਡੀ ਦੀ ਵੀ ਰੋਧਕ ਕਿਸਮ ਹੈ। ਇਸਦੇ ਟੀਂਡਿਆਂ ਦਾ ਆਕਾਰ ਵੱਡਾ ਅਤੇ ਭਾਰ ਔਸਤਨ 4.5 ਗ੍ਰਾਮ ਹੁੰਦਾ ਹੈ। ਇਸਦੀ ਔਸਤਨ ਪੈਦਾਵਾਰ 9.5 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਰੇਸ਼ੇ ਦੀ ਲੰਬਾਈ 25.5 ਮਿ.ਮੀ. ਅਤੇ ਪਿੰਜਾਈ ਤੋਂ ਬਾਅਦ 34% ਰੂੰ ਦੀ ਪ੍ਰਾਪਤੀ ਹੁੰਦੀ ਹੈ।  

NCS 855 BG II: ਇਹ ਵਧੇਰੇ ਝਾੜ ਵਾਲੀ ਹਾਈਬ੍ਰਿਡ ਬੀ ਟੀ ਕਿਸਮ ਹੈ, ਜੋ ਕਿ ਅਮਰੀਕਨ, ਗੁਲਾਬੀ ਅਤੇ ਧੱਬੇਦਾਰ ਸੁੰਡੀਆਂ ਦੀ ਰੋਧਕ ਹੈ। ਇਹ ਤੰਬਾਕੂ  ਸੁੰਡੀ ਅਤੇ ਸੋਕਾ ਰੋਗ ਦੀ ਵੀ ਰੋਧਕ ਕਿਸਮ ਹੈ। ਇਸਦੀ ਔਸਤਨ ਪੈਦਾਵਾਰ 9.7 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਰੇਸ਼ੇ ਦੀ ਲੰਬਾਈ 28.5 ਮਿ.ਮੀ. ਅਤੇ ਪਿੰਜਾਈ ਤੋਂ ਬਾਅਦ 36% ਰੂੰ ਦੀ ਪ੍ਰਾਪਤੀ ਹੁੰਦੀ ਹੈ। 

ANKUR 3028 BG II: ਇਹ ਵਧੇਰੇ ਝਾੜ ਵਾਲੀ ਹਾਈਬ੍ਰਿਡ ਬੀ ਟੀ ਕਿਸਮ ਹੈ, ਜੋ ਕਿ ਅਮਰੀਕਨ, ਗੁਲਾਬੀ ਅਤੇ ਧੱਬੇਦਾਰ ਸੁੰਡੀਆਂ ਦੀ ਰੋਧਕ ਹੈ। ਇਹ ਤੰਬਾਕੂ ਸੁੰਡੀ ਦੀ ਵੀ ਰੋਧਕ ਕਿਸਮ ਹੈ। ਇਹ ਸੋਕਾ ਰੋਗ ਅਤੇ ਪੱਤਾ ਮਰੋੜ ਨੂੰ ਵੀ ਸਹਾਰਨਯੋਗ ਕਿਸਮ ਹੈ। ਇਸਦੀ ਔਸਤਨ ਪੈਦਾਵਾਰ 9.7 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਰੇਸ਼ੇ ਦੀ ਲੰਬਾਈ 31.3 ਮਿ.ਮੀ. ਅਤੇ ਪਿੰਜਾਈ ਤੋਂ ਬਾਅਦ 31.4% ਰੂੰ ਦੀ ਪ੍ਰਾਪਤੀ ਹੁੰਦੀ ਹੈ। 

MRC 7017 BG II: ਇਹ ਵਧੇਰੇ ਝਾੜ ਅਤੇ ਛੇਤੀ ਪੱਕਣ ਵਾਲੀ ਕਿਸਮ ਹੈ, ਜੋ ਕਿ ਤੰਬਾਕੂ  ਸੁੰਡੀ, ਅਮਰੀਕਨ, ਗੁਲਾਬੀ ਅਤੇ ਧੱਬੇਦਾਰ ਸੁੰਡੀਆਂ ਦੀ ਰੋਧਕ ਹੈ। ਇਹ ਸੋਕਾ ਰੋਗ ਅਤੇ ਪੱਤਾ ਮਰੋੜ ਦੀ ਵੀ ਰੋਧਕ ਕਿਸਮ ਹੈ। ਇਸਦੀ ਔਸਤਨ ਪੈਦਾਵਾਰ 10.4 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਰੇਸ਼ੇ ਦੀ ਲੰਬਾਈ 29.7 ਮਿ.ਮੀ. ਅਤੇ ਕੁਆਲਿਟੀ ਵਧੀਆ ਹੁੰਦੀ ਹੈ। ਪਿੰਜਾਈ ਤੋਂ ਬਾਅਦ 33.6% ਰੂੰ ਦੀ ਪ੍ਰਾਪਤੀ ਹੁੰਦੀ ਹੈ। 

MRC 7031 BG II: ਇਹ ਵਧੇਰੇ ਝਾੜ ਅਤੇ ਛੇਤੀ ਪੱਕਣ ਵਾਲੀ ਕਿਸਮ ਹੈ, ਜੋ ਕਿ ਤੰਬਾਕੂ ਸੁੰਡੀ, ਅਮਰੀਕਨ, ਗੁਲਾਬੀ ਅਤੇ ਧੱਬੇਦਾਰ ਸੁੰਡੀਆਂ ਦੀ ਰੋਧਕ ਹੈ। ਇਹ ਪੱਤਾ ਮਰੋੜ ਦੀ ਰੋਧਕ ਅਤੇ ਸੋਕਾ ਰੋਗ ਨੂੰ ਸਹਾਰਨਯੋਗ ਕਿਸਮ ਹੈ। ਇਸਦੀ ਔਸਤਨ ਪੈਦਾਵਾਰ 9.8 ਕੁਇੰਟਲ ਪ੍ਰਤੀ ਏਕੜ ਹੈ। ਇਸਦੇ ਰੇਸ਼ੇ ਦੀ ਲੰਬਾਈ 29.4 ਮਿ.ਮੀ. ਅਤੇ ਕੁਆਲਟੀ ਵਧੀਆ ਹੁੰਦੀ ਹੈ। ਪਿੰਜਾਈ ਤੋਂ ਬਾਅਦ 33.4% ਰੂੰ ਦੀ ਪ੍ਰਾਪਤੀ ਹੁੰਦੀ ਹੈ। 

ਹੋਰ ਰਾਜਾਂ ਦੀਆਂ ਕਿਸਮਾਂ 

Ankur 226BG, PCH 406 BT, Sigma Bt, SDS 1368 Bt, SDS 9Bt, NAMCOT 402 Bt, GK 206 Bt, 6317 Bt, 6488 Bt, MRC 7017 BG II, MRC 7031 BG II, NCS 145 BG II , ACH 33-2 BG II, JKCH 1050 Bt, MRC 6025 Bt, MRC 6029 Bt, NCS 913 Bt, NCS 138 Bt, RCH 308 Bt, RCH 314 Bt.

ਖੇਤ ਦੀ ਤਿਆਰੀ

ਫ਼ਸਲ ਦੀ ਚੰਗੀ ਪੈਦਾਵਾਰ ਅਤੇ ਵਿਕਾਸ ਲਈ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਜ਼ਰੂਰੀ ਹੁੰਦਾ ਹੈ। ਹਾੜੀ ਦੀ ਫ਼ਸਲ ਨੂੰ ਵੱਢਣ ਤੋਂ ਬਾਅਦ ਤੁਰੰਤ ਖੇਤ ਨੂੰ ਪਾਣੀ ਲਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਖੇਤ ਨੂੰ ਹਲ ਨਾਲ ਵਾਹੋ ਅਤੇ ਫਿਰ ਸੁਹਾਗਾ ਫੇਰੋ। ਜ਼ਮੀਨ ਨੂੰ ਤਿੰਨ ਸਾਲਾਂ ਵਿਚ ਇਕ ਵਾਰੀ ਡੂੰਘਾਈ ਤੱਕ ਵਾਹੋ, ਇਸ ਤੋਂ ਸਦਾਬਹਾਰ ਨਦੀਨਾਂ ਦੀ ਰੋਕਥਾਮ ਵਿਚ ਮਦਦ ਮਿਲਦੀ ਹੈ ਅਤੇ ਇਸ ਨਾਲ ਮਿੱਟੀ ਵਿਚ ਪੈਦਾ ਹੋਣ ਵਾਲੇ ਕੀੜਿਆਂ ਅਤੇ ਬਿਮਾਰੀਆਂ ਨੂੰ ਵੀ ਰੋਕਿਆ ਜਾ ਸਕਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਮਹੀਨੇ ਵਿੱਚ ਹੁੰਦਾ ਹੈ। ਮਿਲੀ ਬੱਗ ਤੋਂ ਬਚਾਓ ਲਈ ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਬਾਜਰਾ, ਅਰਹਰ, ਮੱਕੀ ਅਤੇ ਜਵਾਰ ਦੀ ਫਸਲ ਉਗਾਓ। ਨਰਮੇ ਦੀ ਫ਼ਸਲ ਦੇ ਆਲੇ-ਦੁਆਲੇ ਅਰਹਰ, ਮੂੰਗੀ ਅਤੇ ਭਿੰਡੀ ਨੂੰ ਨਾ ਬੀਜੋ ਕਿਉਂਕਿ ਇਹ ਕੀੜਿਆਂ ਦਾ ਟਿਕਾਣਾ ਬਣਾਉਣ ਲਈ ਸਹਾਈ ਫਸਲਾਂ ਹਨ। ਪੰਜਾਬ ਵਿੱਚ ਆਮ ਤੌਰ ਤੇ ਨਰਮਾ-ਕਣਕ ਦਾ ਫ਼ਸਲੀ-ਚੱਕਰ ਅਪਨਾਇਆ ਜਾਂਦਾ ਹੈ ਪਰੰਤੂ ਜੇਕਰ ਨਰਮੇ ਦੀ ਫ਼ਸਲ ਨਾਲ ਬਰਸੀਮ ਅਤੇ ਗਵਾਰੇ ਦੀ ਫ਼ਸਲ ਦੇ ਫ਼ਸਲੀ-ਚੱਕਰ ਨੂੰ ਅਪਨਾਇਆ ਜਾਵੇ ਤਾਂ ਇਹ ਨਰਮੇ ਦੀ ਫਸਲ ਲਈ ਲਾਭਦਾਇਕ  ਸਿੱਧ ਹੋਵੇਗਾ।

ਫਾਸਲਾ
ਅਮਰੀਕਨ  ਨਰਮੇ ਲਈ ਸੇਂਜੂ ਸਥਿਤੀ ਵਿੱਚ 75x15 ਸੈ.ਮੀ. ਅਤੇ ਬਾਰਾਨੀ ਸਥਿਤੀ ਵਿੱਚ 60x30 ਸੈ.ਮੀ. ਦਾ ਫਾਸਲਾ ਰੱਖੋ। ਦੇਸੀ ਨਰਮੇ ਲਈ ਸੇਂਜੂ ਅਤੇ ਬਾਰਾਨੀ ਸਥਿਤੀ ਵਿੱਚ 60x30 ਦਾ ਫਾਸਲਾ ਰੱਖੋ।

ਬੀਜ ਦੀ ਡੂੰਘਾਈ
ਬਿਜਾਈ 5 ਸੈ.ਮੀ. ਡੂੰਘਾਈ ਵਿੱਚ ਕਰੋ।

ਬਿਜਾਈ ਦਾ ਢੰਗ
ਦੇਸੀ ਨਰਮੇ ਦੀ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋਂ ਕਰੋ ਅਤੇ ਹਾਈਬ੍ਰਿਡ ਜਾਂ ਬੀ ਟੀ ਕਿਸਮਾਂ ਲਈ ਟੋਏ ਪੁੱਟ ਕੇ ਬਿਜਾਈ ਕਰੋ। ਆਇਤਾਕਾਰ ਦੇ ਮੁਕਾਬਲੇ ਵਰਗਾਕਾਰ ਬਿਜਾਈ ਲਾਭਦਾਇਕ ਹੁੰਦੀ ਹੈ। ਕੁੱਝ ਬੀਜਾਂ ਦੇ ਨਾ ਪੁੰਗਰਨ ਅਤੇ ਨਸ਼ਟ ਹੋਣ ਕਾਰਨ ਕਈ ਜਗ੍ਹਾ ਤੇ ਫਾਸਲਾ ਵੱਧ ਜਾਂਦਾ ਹੈ। ਇਸ ਫਾਸਲੇ ਨੂੰ ਖਤਮ ਕਰਨਾ ਜ਼ਰੂਰੀ ਹੈ। ਬਿਜਾਈ ਤੋਂ ਦੋ ਹਫਤੇ ਬਾਅਦ ਕਮਜ਼ੋਰ/ਬਿਮਾਰ/ਨੁਕਸਾਨੇ ਪੌਦੇ ਪੁੱਟ ਦਿਓ ਅਤੇ ਨਵੇਂ ਤੰਦਰੁਸਤ ਪੌਦੇ ਲਗਾ ਦਿਓ।

 

ਬੀਜ

ਬੀਜ ਦੀ ਮਾਤਰਾ
ਬੀਜ ਦੀ ਮਾਤਰਾ ਬੀਜਾਂ ਦੀ ਕਿਸਮ, ਉਗਾਏ ਜਾਣ ਵਾਲੇ ਇਲਾਕੇ, ਸਿੰਚਾਈ ਆਦਿ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਅਮਰੀਕਨ ਹਾਈਬ੍ਰਿਡ ਨਰਮੇ ਲਈ 1.5 ਕਿਲੋ ਪ੍ਰਤੀ ਏਕੜ ਜਦਕਿ ਅਮਰੀਕਨ ਨਰਮੇ ਲਈ ਬੀਜ ਦੀ ਮਾਤਰਾ 3.5 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ। ਦੇਸੀ ਨਰਮੇ ਦੀ ਹਾਈਬ੍ਰਿਡ ਕਿਸਮ ਲਈ ਬੀਜ ਦੀ ਮਾਤਰਾ 1.25 ਕਿਲੋ ਪ੍ਰਤੀ ਏਕੜ ਅਤੇ ਨਰਮੇ ਦੀਆਂ ਦੇਸੀ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਹੋਣੀ ਚਾਹੀਦੀ ਹੈ।

ਬੀਜ ਦੀ ਸੋਧ
ਅਮਰੀਕਨ ਨਰਮੇ ਦਾ ਬੀਜ ਹਲਕੇ ਰੇਸ਼ੇ ਨਾਲ ਢੱਕਿਆ ਹੁੰਦਾ ਹੈ। ਇਸ ਦੇ ਰੇਸ਼ੇ ਨੂੰ ਬਿਜਾਈ ਤੋਂ ਪਹਿਲਾਂ ਹਟਾ ਦਿਓ, ਤਾਂ ਜੋ ਬਿਜਾਈ ਸਮੇਂ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸਨੂੰ ਰਸਾਇਣਿਕ ਅਤੇ ਕੁਦਰਤੀ ਦੋਨੋਂ ਢੰਗ ਨਾਲ ਹਟਾਇਆ ਜਾ ਸਕਦਾ ਹੈ।
ਕੁਦਰਤੀ ਢੰਗ ਨਾਲ ਰੇਸ਼ਾ ਹਟਾਉਣ ਲਈ ਬੀਜਾਂ ਨੂੰ ਪੂਰੀ ਰਾਤ ਪਾਣੀ ਵਿੱਚ ਡੋਬੋ, ਫਿਰ ਅਗਲੇ ਦਿਨ ਗੋਹੇ ਅਤੇ ਲੱਕੜੀ ਦੇ ਬੂਰੇ ਜਾਂ ਰਾਖ ਨਾਲ ਬੀਜਾਂ ਨੂੰ ਮਸਲੋ। ਫਿਰ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਛਾਂਵੇਂ ਸੁਕਾਓ।
ਰਸਾਇਣਿਕ ਢੰਗ ਬੀਜ ਦੇ ਰੇਸ਼ੇ ਤੇ ਨਿਰਭਰ ਕਰਦਾ ਹੈ। ਸ਼ੁੱਧ ਸਲਫਿਊਰਿਕ ਐਸਿਡ(ਉਦਯੋਗਿਕ ਗ੍ਰੇਡ) ਅਮਰੀਕਨ ਨਰਮੇ ਲਈ 400 ਗ੍ਰਾਮ ਪ੍ਰਤੀ 4 ਕਿਲੋ ਬੀਜ ਅਤੇ ਦੇਸੀ ਨਰਮੇ ਲਈ 300 ਗ੍ਰਾਮ ਪ੍ਰਤੀ 3 ਕਿਲੋ ਬੀਜ ਨੂੰ 2-3 ਮਿੰਟ ਲਈ ਮਿਕਸ ਕਰੋ। ਇਸ ਨਾਲ ਬੀਜਾਂ ਦਾ ਸਾਰਾ ਰੇਸ਼ਾ ਉੱਤਰ ਜਾਵੇਗਾ। ਫਿਰ ਬੀਜਾਂ ਵਾਲੇ ਬਰਤਨ ਵਿੱਚ 10 ਲੀਟਰ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਹਿਲਾ ਕੇ ਪਾਣੀ ਡੋਲ ਦਿਓ। ਬੀਜਾਂ ਨੂੰ ਤਿੰਨ ਵਾਰ ਸਾਦੇ ਪਾਣੀ ਨਾਲ ਧੋਵੋ ਅਤੇ ਫਿਰ ਚੂਨੇ ਵਾਲੇ ਪਾਣੀ (ਸੋਡੀਅਮ ਬਾਈਕਾਰਬੋਨੇਟ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ) ਨਾਲ ਇੱਕ ਮਿੰਟ ਲਈ ਧੋਵੋ। ਫਿਰ ਇੱਕ ਵਾਰੀ ਦੋਬਾਰਾ ਧੋਵੋ ਅਤੇ ਛਾਂਵੇਂ ਸੁਕਾਓ।
ਰਸਾਇਣਿਕ ਢੰਗ ਲਈ ਧਾਤ ਜਾਂ ਲੱਕੜੀ ਦਾ ਬਰਤਨ ਨਾ ਵਰਤੋ, ਸਗੋਂ ਪਲਾਸਟਿਕ ਦਾ ਬਰਤਨ ਜਾਂ ਮਿੱਟੀ ਦਾ ਬਣਿਆ ਘੜਾ ਵਰਤੋ। ਇਸ ਕਿਰਿਆ ਨੂੰ ਕਰਦੇ ਸਮੇਂ ਦਸਤਾਨੇ ਵੀ ਜ਼ਰੂਰ ਵਰਤੋ।
ਬੀਜਾਂ ਨੂੰ ਰਸ ਚੂਸਣ ਵਾਲੇ ਕੀੜਿਆਂ ਦੇ ਹਮਲੇ ਤੋਂ ਬਚਾਉਣ ਲਈ (15-20 ਦਿਨਾਂ ਤੱਕ) ਇਮੀਡਾਕਲੋਪ੍ਰਿਡ(ਕੋਨਫੀਡੋਰ) 5-7 ਮਿ.ਲੀ. ਜਾਂ ਥਾਇਆਮੈਥੋਕਸਮ(ਕਰੂਜ਼ਰ) 5-7 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ।
 

ਫੰਗਸਨਾਸ਼ੀ/ਕੀਟਨਾਸ਼ਕ ਦਾ ਨਾਮ
ਮਾਤਰਾ  (ਪ੍ਰਤੀ ਕਿਲੋਗ੍ਰਾਮ ਬੀਜ)
Imidacloprid 5-7 ml
Thiamethoxam 5-7 gm

 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

VARIETIES UREA DAP         or             SSP MURIATE OF POTASH
Bt  65 27                               75 #
Non Bt 130 27                               75 #

 

ਤੱਤ ( ਕਿਲੋ ਪ੍ਰਤੀ ਏਕੜ)

VARIETIES NITROGEN PHOSPHORUS POTASSIUM
Bt 30 12 #
Non Bt 60 12 #

 

ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ। ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ। ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ। ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ।  
ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ। ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ। ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ।

ਘੁਲਣਸ਼ੀਲ ਖਾਦਾਂ: ਜੇਕਰ ਬਿਜਾਈ ਦੇ 80-100 ਦਿਨਾਂ ਬਾਅਦ ਫਸਲ ਨੂੰ ਫੁੱਲ ਨਾ ਨਿਕਲਣ ਜਾਂ ਫੁੱਲ ਘੱਟ ਹੋਣ ਤਾਂ ਫੁੱਲਾਂ ਦੀ ਪੈਦਾਵਾਰ ਵਧਾਉਣ ਲਈ ਜ਼ਿਆਦਾ ਸੂਖਮ-ਤੱਤ ਖਾਦ 750 ਗ੍ਰਾਮ ਪ੍ਰਤੀ ਏਕੜ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ। ਬੀ.ਟੀ. ਕਿਸਮਾਂ ਦੀ ਪੈਦਾਵਾਰ ਵਧਾਉਣ ਲਈ ਬਿਜਾਈ ਤੋਂ 85, 95 ਅਤੇ 105 ਦਿਨਾਂ ਬਾਅਦ 13:0:45 ਦੇ ਅਨੁਸਾਰ 10 ਗ੍ਰਾਮ ਜਾਂ ਪੋਟਾਸ਼ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਸ਼ਾਮ ਦੇ ਸਮੇਂ ਕਰੋ। ਵਧੇਰੇ ਪੈਦਾਵਾਰ ਪ੍ਰਾਪਤ ਕਰਨ ਲਈ ਪੋਟਾਸ਼ੀਅਮ 10 ਗ੍ਰਾਮ ਪ੍ਰਤੀ ਲੀਟਰ ਅਤੇ ਡੀ.ਏ.ਪੀ. 20 ਗ੍ਰਾਮ ਪ੍ਰਤੀ ਲੀਟਰ (ਪਹਿਲੇ ਫੁੱਲ ਖਿਲਣ ਤੋਂ ਹਰੇਕ 15 ਦਿਨਾਂ ਦੇ ਫਾਸਲੇ ਤੇ 2-3 ਸਪਰੇਆਂ) ਦੀ ਸਪਰੇਅ ਕਰੋ। ਕਈ ਵਾਰੀ ਵਰਗਾਕਾਰ ਲਾਰਵਾ ਡਿੱਗਦਾ ਹੈ ਅਤੇ ਇਸ ਨਾਲ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ, ਇਸਦੀ ਰੋਕਥਾਮ ਲਈ ਪਲੈਨੋਫਿਕਸ (ਐਨ.ਏ.ਏ.) 4 ਮਿ.ਲੀ. ਅਤੇ ਜ਼ਿਆਦਾ ਸੂਖਮ-ਤੱਤ 120 ਗ੍ਰਾਮ, ਮੈਗਨੀਸ਼ੀਅਮ ਸਲਫੇਟ 150 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਖਰਾਬ ਮੌਸਮ ਦੇ ਕਾਰਨ ਟੀਂਡੇ ਝੜਦੇ ਦਿਖਾਈ ਦੇਣ ਤਾਂ ਇਸ ਦੀ ਰੋਕਥਾਮ ਲਈ 100 ਗ੍ਰਾਮ 00:52:34 + 30 ਮਿ.ਲੀ. ਹਿਊਮਿਕ ਐਸਿਡ (>12%) + 6 ਮਿ.ਲੀ. ਸਟਿੱਕਰ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ ਤਿੰਨ ਸਪਰੇਆਂ ਕਰੋ। ਅੱਜ-ਕੱਲ ਪੱਤਿਆਂ ਵਿੱਚ ਲਾਲੀ ਬਹੁਤ ਜ਼ਿਆਦਾ ਦਿਖ ਰਹੀ ਹੈ, ਇਸ ਦਾ ਮੁੱਖ ਕਾਰਨ ਪੌਸ਼ਟਿਕ ਤੱਤਾਂ ਦੀ ਘਾਟ ਹੈ। ਇਸ ਨੂੰ ਖਾਦਾਂ ਦੇ ਸਹੀ ਉਪਯੋਗ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਲਈ 1 ਕਿਲੋ ਮੈਗਨੀਸ਼ੀਅਮ ਸਲਫੇਟ ਦੀ ਪੱਤਿਆਂ ਤੇ ਸਪਰੇਅ ਕਰੋ ਅਤੇ ਇਸ ਤੋਂ ਬਾਅਦ ਯੂਰੀਆ 2 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ। ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ। ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ। ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ। ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ। ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ।
ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ। ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ। ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ। ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ।
 

ਸਿੰਚਾਈ

ਸਿੰਚਾਈ ਲਈ ਸਿਫਾਰਸ਼ ਕੀਤਾ ਸਮਾਂ ਹੇਠਾ ਲਿਖੇ ਅਨੁਸਾਰ ਹੈ:-

ਨਾਜ਼ੁਕ ਸਥਿਤੀ ਸਿੰਚਾਈ ਦਾ ਫਾਸਲਾ
ਟਾਹਣੀਆਂ ਬਣਨ ਦਾ ਸਮਾਂ ਬਿਜਾਈ ਤੋਂ 45-50 ਦਿਨਾਂ ਬਾਅਦ
ਫੁੱਲ ਅਤੇ ਫਲ ਨਿਕਲਣ ਸਮੇਂ ਬਿਜਾਈ ਤੋਂ 75-85 ਦਿਨਾਂ ਬਾਅਦ
ਟੀਂਡੇ ਬਣਨ ਸਮੇਂ ਬਿਜਾਈ ਤੋਂ 95-105 ਦਿਨਾਂ ਬਾਅਦ
ਟੀਂਡੇ ਦੇ ਵਿਕਾਸ ਅਤੇ ਟੀਂਡੇ ਖਿੜਨ ਸਮੇਂ ਬਿਜਾਈ ਤੋਂ 115-125 ਦਿਨਾਂ ਬਾਅਦ

 

ਨਰਮੇ ਦੀ ਫਸਲ ਨੂੰ ਮੀਂਹ ਦੀ ਤੀਬਰਤਾ ਅਨੁਸਾਰ ਚਾਰ ਤੋਂ ਛੇ ਸਿੰਚਾਈਆਂ ਦੀ ਲੋੜ ਹੁੰਦੀ ਹੈ। ਪਹਿਲੀ ਸਿੰਚਾਈ ਬੀਜਾਈ ਤੋਂ ਚਾਰ ਤੋਂ ਛੇ ਹਫਤਿਆਂ ਬਾਅਦ ਕਰੋ। ਬਾਕੀ ਸਿੰਚਾਈਆਂ ਦੋ ਤੋਂ ਤਿੰਨ ਹਫਤਿਆਂ ਦੇ ਫਾਸਲੇ ਤੇ ਕਰੋ। ਛੋਟੇ ਪੌਦਿਆਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ। ਫੁੱਲ ਅਤੇ ਟੀਂਡੇ ਝੜਨ ਤੋਂ ਬਚਾਉਣ ਲਈ, ਫੁੱਲ ਨਿਕਲਣ ਅਤੇ ਫਲ ਲੱਗਣ ਸਮੇਂ ਫਸਲ ਨੂੰ ਪਾਣੀ ਦੀ ਕਮੀ ਨਹੀਂ ਰਹਿਣ ਦੇਣੀ ਚਾਹੀਦੀ। ਜਦੋਂ ਟੀਂਡੇ 33% ਖਿੜ ਜਾਣ ਉਸ ਵੇਲੇ ਆਖਰੀ ਸਿੰਚਾਈ ਕਰੋ ਅਤੇ ਇਸ ਤੋਂ ਬਾਅਦ ਫਸਲ ਨੂੰ ਸਿੰਚਾਈ ਰਾਹੀਂ ਹੋਰ ਪਾਣੀ ਨਾ ਦਿਓ।
ਜਦੋਂ ਵੀ ਫਸਲ ਦੀ ਸਿੰਚਾਈ ਲਈ ਖਾਰੇ ਪਾਣੀ ਦਾ ਉਪਯੋਗ ਕੀਤਾ ਜਾਵੇ, ਤਾਂ ਸਿੰਚਾਈ ਕਰਨ ਤੋਂ ਪਹਿਲਾਂ ਪਾਣੀ ਦੀ ਜਾਂਚ ਪ੍ਰਮਾਣਿਤ ਲੈਬੋਰੇਟਰੀ ਤੋਂ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਪਾਣੀ ਵਿਚ ਜਿਪਸਮ ਜਾਂ ਪਾਇਰਾਈਟ ਦਾ ਉਪਯੋਗ ਕਰੋ। ਸੋਕੇ ਵਾਲੀਆਂ ਸਥਿਤੀਆਂ ਵਿੱਚ ਖਾਲੀਆਂ ਬਣਾ ਕੇ ਅਤੇ ਇੱਕ ਕਿਆਰੀ ਛੱਡ ਕੇ ਸਿੰਚਾਈ ਕਰੋ ਸੂਖਮ-ਸਿੰਚਾਈ ਸਿਸਟਮ ਅਪਣਾਓ (ਜਿੱਥੇ ਵੀ ਸੰਭਵ ਹੋਵੇ), ਇਸ ਨਾਲ ਸਿੰਚਾਈ ਵਾਲਾ ਪਾਣੀ ਬਚਾਉਣ ਵਿੱਚ ਸਹਾਇਤਾ ਹੁੰਦੀ ਹੈ।

ਪੌਦੇ ਦੀ ਦੇਖਭਾਲ

ਮੁਰਝਾਉਣਾ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਮੁਰਝਾਉਣਾ: ਇਸ ਨਾਲ ਪੌਦੇ ਮਧਰੇ ਅਤੇ ਪੀਲੇ ਪੈ ਜਾਂਦੇ ਹਨ ਅਤੇ ਇਸ ਤੋਂ ਬਾਅਦ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਪਹਿਲਾਂ ਪੀਲਾਪਨ ਪੱਤਿਆਂ ਦੇ ਬਾਹਰਲੇ ਹਿੱਸੇ ਤੇ ਪੈਂਦਾ ਹੈ ਅਤੇ ਬਾਅਦ ਵਿੱਚ ਅੰਦਰਲਾ ਹਿੱਸਾ ਵੀ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਨੁਕਸਾਨੇ ਪੌਦਿਆਂ ਨੂੰ ਫਲ ਛੇਤੀ ਲਗਦੇ ਹਨ ਅਤੇ ਇਸ ਦੇ ਟੀਂਡੇ ਵੀ ਛੋਟੇ ਹੁੰਦੇ ਹਨ। ਇਸ ਨਾਲ ਰੰਗ ਕਾਲਾ ਅਤੇ ਸੱਕ ਦੇ ਹੇਠਾਂ ਬਣੇ ਛੱਲੇ ਵਰਗਾ ਹੋ ਜਾਂਦਾ ਹੈ। ਇਸ ਦਾ ਹਮਲਾ ਕਿਸੇ ਵੀ ਸਮੇਂ ਹੋ ਸਕਦਾ ਹੈ।
 

ਇਸ ਰੋਗ ਦੀ ਰੋਕਥਾਮ ਲਈ ਰੋਧਕ ਕਿਸਮਾਂ ਦੀ ਵਰਤੋਂ ਕਰੋ। ਇੱਕ ਹੀ ਖੇਤ ਵਿੱਚ ਲਗਾਤਾਰ ਨਰਮੇ ਦੀ ਫਸਲ ਨਾ ਉਗਾਓ। ਉਚਿੱਤ ਫਸਲੀ-ਚੱਕਰ ਅਪਨਾਓ। ਪਾਣੀ ਦੇ ਨਿਕਾਸ ਦਾ ਪੂਰਾ ਪ੍ਰਬੰਧ ਰੱਖੋ। ਟਰਾਈਕੋਡਰਮਾ ਵਿਰਾਈਡ ਫਾਰਮੂਲੇਸ਼ਨ 4 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ। ਇਸ ਦੀ ਰੋਕਥਾਮ ਲਈ ਥਾਇਓਫੈਨੇਟ ਮਿਥਾਇਲ 10 ਗ੍ਰਾਮ ਅਤੇ ਯੂਰੀਆ ਹਰੇਕ 50 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਪੌਦਿਆਂ ਦੀਆਂ ਜੜ੍ਹਾਂ ਕੋਲ ਪਾਓ।

ਝੁਲਸ ਰੋਗ

ਝੁਲਸ ਰੋਗ: ਇਸ ਨਾਲ ਪੱਤਿਆਂ ਤੇ ਛੋਟੇ, ਪੀਲੇ ਤੋਂ ਭੂਰੇ, ਗੋਲਾਕਾਰ ਜਾਂ ਬੇ-ਢੰਗੇ ਮੋਟੇ ਮੋਟੇ ਧਾਰੀਆਂ ਵਾਲੇ ਧੱਬੇ ਪੈ ਜਾਂਦੇ ਹਨ। ਨੁਕਸਾਨੇ ਪੱਤੇ ਸੁੱਕ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਤਣੇ ਤੇ ਧੱਬੇ ਬਣਨੇ ਸ਼ੁਰੂ ਹੋ ਜਾਂਦੇ ਹਨ। ਫਿਰ ਇਹ ਬਿਮਾਰੀ ਟੀਂਡਿਆਂ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਟੀਂਡੇ ਗਲਣ ਲੱਗ ਜਾਂਦੇ ਹਨ ਅਤੇ ਝੜ ਜਾਂਦੇ ਹਨ। ਪੌਸ਼ਟਿਕ ਤੱਤਾਂ ਦੀ ਘਾਟ ਅਤੇ ਸੋਕੇ ਤੋਂ ਪ੍ਰਭਾਵਿਤ ਪੌਦਿਆਂ ਤੇ ਇਸ ਬਿਮਾਰੀ ਦਾ ਜ਼ਿਆਦਾ ਹਮਲਾ ਹੁੰਦਾ ਹੈ।
ਇਸ ਬਿਮਾਰੀ ਦੀ ਰੋਕਥਾਮ ਲਈ ਟੈਬੂਕੋਨਾਜ਼ੋਲ 1 ਮਿ.ਲੀ.ਪ੍ਰਤੀ ਲੀਟਰ ਜਾਂ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 0.6 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਬਿਜਾਈ ਤੋਂ 60ਵੇਂ, 90ਵੇਂ ਅਤੇ 120ਵੇਂ ਦਿਨ ਬਾਅਦ ਕਰੋ। ਜੇਕਰ ਬਿਮਾਰੀ ਖੇਤ ਵਿੱਚ ਦਿਖੇ ਤਾਂ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

 

ਪੱਤਿਆਂ ਤੇ ਧੱਬਾ ਰੋਗ

ਪੱਤਿਆਂ ਤੇ ਧੱਬਾ ਰੋਗ: ਇਸ ਨਾਲ ਪੱਤਿਆਂ ਤੇ ਗੋਲਾਕਾਰ ਲਾਲ ਧੱਬੇ ਪੈ ਜਾਂਦੇ ਹਨ, ਜੋ ਕਿ ਬਾਅਦ ਵਿਚ ਵੱਡੇ ਹੋ ਕੇ ਵਿੱਚਕਾਰੋਂ ਚਿੱਟੇ ਜਾਂ ਸਲੇਟੀ ਰੰਗ ਦੇ ਹੋ ਜਾਂਦੇ ਹਨ। ਇਹ ਧੱਬੇ ਗੋਲ ਹੁੰਦੇ ਹਨ ਅਤੇ ਵਿੱਚ-ਵਿੱਚ ਲਾਲ ਧਾਰੀਆਂ ਹੁੰਦੀਆਂ ਹਨ। ਧੱਬਿਆਂ ਦੇ ਵਿਚਕਾਰ ਸਲੇਟੀ ਰੰਗ ਦੇ ਗੂੜ੍ਹੇ ਦਾਣੇ ਬਣ ਜਾਂਦੇ ਹਨ, ਜਿਸ ਕਰਕੇ ਉਹ ਸਲੇਟੀ ਰੰਗ ਦੇ ਦਿਖਾਈ ਦਿੰਦੇ ਹਨ।
ਜੇਕਰ ਇਸ ਬਿਮਾਰੀ ਦਾ ਹਮਲਾ ਦਿਖੇ, ਤਾਂ ਫਸਲ ਤੇ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਜਾਂ ਮੈਨਕੋਜ਼ੇਬ 2.5 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ 15 ਦਿਨਾਂ ਦੇ ਫਾਸਲੇ ਤੇ 3-4 ਵਾਰ ਕਰੋ।

ਐਂਥਰਾਕਨੌਸ

ਐਂਥਰਾਕਨੌਸ: ਇਸ ਬਿਮਾਰੀ ਨਾਲ ਪੱਤਿਆਂ ਤੇ ਛੋਟੇ, ਲਾਲ ਜਾਂ ਹਲਕੇ ਹਰੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ। ਤਣਿਆਂ ਤੇ ਜ਼ਖ਼ਮ ਬਣ ਜਾਂਦੇ ਹਨ, ਜਿਸ ਨਾਲ ਪੌਦਾ ਕਮਜ਼ੋਰ ਹੋ ਜਾਂਦਾ ਹੈ। ਇਹ ਬਿਮਾਰੀ ਟੀਂਡਿਆਂ ਤੇ ਕਦੇ ਵੀ ਹਮਲਾ ਕਰ ਸਕਦੀ ਹੈ ਅਤੇ ਬਾਅਦ ਵਿੱਚ ਇਹ ਬਿਮਾਰੀ ਰੂੰ ਅਤੇ ਟੀਂਡੇ ਵਿਚਲੇ ਬੀਜ ਤੇ ਨੁਕਸਾਨ ਕਰਦੀ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਟੀਂਡਿਆਂ ਤੇ ਛੋਟੇ, ਪਾਣੀ ਵਰਗੇ, ਗੋਲਾਕਾਰ, ਲਾਲ-ਭੂਰੇ ਧੱਬੇ ਪੈ ਜਾਂਦੇ ਹਨ।

ਇਸ ਬਿਮਾਰੀ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਪ੍ਰਤੀ ਕਿਲੋ ਬੀਜਾਂ ਨੂੰ ਕਪਤਾਨ ਜਾਂ ਕਾਰਬੈਂਡਾਜ਼ਿਮ 3-4 ਗ੍ਰਾਮ ਨਾਲ ਸੋਧੋ। ਖੇਤ ਵਿਚ ਪਾਣੀ ਖੜਾ ਨਾ ਹੋਣ ਦਿਓ। ਜੇਕਰ ਇਸ ਬਿਮਾਰੀ ਦਾ ਹਮਲਾ ਦਿਖੇ ਤਾਂ ਨੁਕਸਾਨੇ ਪੌਦਿਆਂ ਨੂੰ ਜੜ੍ਹਾਂ ਤੋਂ ਪੁੱਟ ਕੇ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ। ਫਿਰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।



 

ਜੜ੍ਹ ਗਲਣ

ਜੜ੍ਹ ਗਲਣ: ਇਸ ਨਾਲ ਪੌਦਾ ਅਚਾਨਕ ਅਤੇ ਪੂਰਾ ਸੁੱਕ ਜਾਂਦਾ ਹੈ। ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ। ਨੁਕਸਾਨੇ ਪੌਦਿਆਂ ਨੂੰ ਆਸਾਨੀ ਨਾਲ ਪੁੱਟਿਆ ਜਾ ਸਕਦਾ ਹੈ। ਮੁੱਖ ਜੜ੍ਹ ਤੋਂ ਇਲਾਵਾ ਕੁਝ ਹੋਰ ਜੜ੍ਹਾਂ ਤਾਜ਼ੀਆਂ ਹੁੰਦੀਆਂ ਹਨ ਜੋ ਕਿ ਪੌਦੇ ਦੀ ਪਕੜ ਬਣਾਈ ਰੱਖਦੀਆਂ ਹਨ ਅਤੇ ਬਾਕੀਆਂ ਦੀਆਂ ਜੜ੍ਹਾਂ ਗਲ ਜਾਂਦੀਆਂ ਹਨ।
ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਨਿੰਮ ਕੇਕ 60 ਕਿਲੋ ਪ੍ਰਤੀ ਏਕੜ ਪਾਓ। ਜੜ੍ਹ ਗਲਣ ਦੇ ਹਮਲੇ ਦੀ ਸੰਭਾਵਨਾ ਘੱਟ ਕਰਨ ਲਈ ਟ੍ਰਾਈਕੋਡਰਮਾ ਵਿਰਾਈੇਡ 4 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਜੇਕਰ ਇਸ ਬਿਮਾਰੀ ਦਾ ਹਮਲਾ ਦਿਖੇ ਤਾਂ ਨੁਕਸਾਨੇ ਪੌਦਿਆਂ ਅਤੇ ਨਾਲ ਦੇ ਸਿਹਤਮੰਦ ਪੌਦਿਆਂ ਦੇ ਹੇਠਲੇ ਹਿੱਸੇ 'ਤੇ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਓ।

 

ਅਮਰੀਕਨ ਸੁੰਡੀ
  • ਕੀੜੇ ਮਕੌੜੇ ਤੇ ਰੋਕਥਾਮ

ਅਮਰੀਕਨ ਸੁੰਡੀ: ਇਹ ਸੁੰਡੀ ਦੇ ਪੱਤੇ ਦੇ ਉੱਪਰਲੇ ਅਤੇ ਹੇਠਲੇ ਪਾਸੇ ਅੰਡੇ ਦਿੰਦੀ ਹੈ। ਅੰਡੇ ਵਿਚੋਂ ਨਿਕਲੇ ਸੁੰਡੀ ਦਾ ਰੰਗ ਸ਼ੁਰੂ ਵਿੱਚ ਪੀਲਾ-ਚਿੱਟਾ ਹੁੰਦਾ ਹੈ, ਇਸ ਦਾ ਸਿਰ ਭੂਰਾ-ਕਾਲਾ ਹੁੰਦਾ ਹੈ। ਬਾਅਦ ਵਿਚ ਇਸ ਦੇ ਸਰੀਰ ਦਾ ਰੰਗ ਗੂੜਾ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਸ ਦਾ ਰੰਗ ਭੂਰੇ ਰੰਗ ਵਿਚ ਤਬਦੀਲ ਹੋ ਜਾਂਦਾ ਹੈ। ਇਸ ਸੁੰਡੀ ਦੇ ਹਮਲੇ ਨਾਲ ਟੀਂਡਿਆਂ ਵਿੱਚ ਗੋਲ ਸੁਰਾਖ ਹੋ ਜਾਂਦੇ ਹਨ। ਇਨ੍ਹਾਂ ਸੁਰਾਖਾਂ ਦੇ ਬਾਹਰਲੇ ਪਾਸੇ ਸੁੰਡੀ ਦਾ ਮਲ ਵਿਖਾਈ ਦਿੰਦਾ ਹੈ। ਇਕੱਲਾ ਲਾਰਵਾ 30-40 ਟੀਂਡਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਨ੍ਹਾਂ ਦੇ ਹਮਲੇ ਦੀ ਜਾਂਚ ਲਈ ਰੌਸ਼ਨੀ ਵਾਲੇ ਕਾਰਡਾਂ ਜਾਂ ਫੇਰੋਮੋਨ ਕਾਰਡ ਦੀ ਵਰਤੋਂ ਕਰੋ।
ਨਰਮੇ ਦੀ ਫਸਲ ਲਗਾਤਾਰ ਇੱਕੋ ਖੇਤ ਵਿੱਚ ਨਾ ਉਗਾਓ, ਸਗੋਂ ਬਦਲ ਬਦਲ ਕੇ ਫਸਲ ਉਗਾਓ। ਕੀੜਿਆਂ ਦਾ ਹਮਲਾ ਰੋਕਣ ਲਈ ਹਰੀ ਮੂੰਗੀ, ਕਾਲੇ ਮਾਂਹ, ਸੋਇਆਬੀਨ, ਰਿੰਡ,  ਬਾਜਰਾ ਆਦਿ ਨੂੰ ਨਰਮੇ ਦੀ ਫਸਲ ਦੇ ਨਾਲ ਜਾਂ ਉਸ ਦੇ ਚਾਰ-ਚੁਫੇਰੇ ਲਾਉਣਾ ਫਾਇਦੇਮੰਦ ਰਹਿੰਦਾ ਹੈ। ਨਰਮਾ ਬੀਜਣ ਤੋਂ ਪਹਿਲਾਂ, ਪਹਿਲੀ ਫਸਲ ਦੀ ਰਹਿੰਦ-ਖੂੰਹਦ ਨੂੰ ਚੰਗੀ ਤਰ੍ਹਾਂ ਕੱਢ ਦਿਓ। ਪਾਣੀ ਦੀ ਸਹੀ ਮਾਤਰਾ ਵਿਚ ਵਰਤੋਂ ਕਰੋ ਅਤੇ ਨਾਈਟ੍ਰੋਜਨ ਖਾਦ ਦਾ ਜ਼ਿਆਦਾ ਉਪਯੋਗ ਨਾ ਕਰੋ।
ਇਸਦੀ ਰੋਕਥਾਮ ਲਈ ਰੋਧਕ ਕਿਸਮਾਂ ਉਗਾਓ। ਅਮਰੀਕਨ ਸੁੰਡੀ ਦੀ ਰੋਕਥਾਮ ਲਈ ਕੁਦਰਤੀ ਢੰਗ ਨਾ ਅਪਣਾਓ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ ਉਪਲੱਬਧਤਾ ਅਨੁਸਾਰ ਸਾਈਪਰਮੈਥਰਿਨ ਜਾਂ ਡੈਲਟਾਮੈਥਰਿਨ ਜਾਂ ਫੈੱਨਵੇਲਰੇਟ ਜਾਂ ਲੈਂਬਡਾ ਸਾਈਹੈਲੋਥਰਿਨ ਚੋਂ ਕਿਸੇ ਇੱਕ ਨੂੰ 1 ਮਿ.ਲੀ. ਪ੍ਰਤੀ ਲੀਟਰ ਪਾਣੀ  ਵਿੱਚ ਮਿਲਾ ਕੇ ਨੁਕਸਾਨੀ ਫਸਲ ਤੇ ਸਪਰੇਅ ਕਰੋ। ਟੀਂਡੇ ਦੀ ਸੁੰਡੀ ਦੀ ਉਚਿੱਤ ਰੋਕਥਾਮ ਲਈ ਇੱਕ ਗਰੁੱਪ ਦੇ ਕੀਟਨਾਕਸ਼ਕ ਦੀ ਸਪਰੇਅ ਇੱਕ ਵਾਰ ਹੀ ਕਰੋ।


ਗੁਲਾਬੀ ਸੁੰਡੀ

ਗੁਲਾਬੀ ਸੁੰਡੀ: ਲਾਰਵੇ ਦਾ ਰੰਗ ਸ਼ੁਰੂ ਵਿੱਚ ਚਿੱਟਾ ਹੁੰਦਾ ਹੈ ਅਤੇ ਬਾਅਦ ਵਿਚ ਇਸ ਦਾ ਰੰਗ ਕਾਲੇ, ਭੂਰੇ ਜਾਂ ਹਰੇ ਤੋਂ ਪੀਲਾ ਜਾਂ ਗੁਲਾਬੀ ਹੋ ਜਾਂਦਾ ਹੈ। ਵੱਡੀਆਂ ਸੁੰਡੀਆਂ ਦੀਆਂ ਗਤੀਵਿਧੀਆਂ ਜਾਣਨ ਲਈ ਫੇਰੋਮੋਨ ਕਾਰਡ ਦੀ ਵਰਤੋਂ ਕਰੋ।
ਜੇਕਰ ਇਸ ਦਾ ਹਮਲਾ ਨਜ਼ਰ ਆਵੇ ਤਾਂ ਫਸਲ ਤੇ ਕਾਰਬਰਿਲ 5% ਡੀ 10 ਕਿਲੋ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਧੂੜਾ ਦਿਓ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ ਟ੍ਰਾਈਜ਼ੋਫੋਸ 40 ਈ ਸੀ 300 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ।

ਤੰਬਾਕੂ ਸੁੰਡੀ

ਤੰਬਾਕੂ ਸੁੰਡੀ: ਇਹ ਸੁੰਡੀਆਂ ਇਕੱਠ ਚ ਹਮਲਾ ਕਰਦੀਆਂ ਹਨ ਅਤੇ ਇਹ ਮੁੱਖ ਤੌਰ ਤੇ ਪੱਤੇ ਦੀ ਉੱਪਰਲੀ ਸਤਹਿ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਅਤੇ ਪੱਤੇ ਖਾ ਕੇ ਇਸ ਦੀਆਂ ਨਾੜੀਆਂ ਛੱਡ ਦਿੰਦੀਆਂ ਹਨ। ਜੇਕਰ ਇਸਦਾ ਹਮਲਾ ਜ਼ਿਆਦਾ ਹੋਵੇ ਤਾਂ ਬੂਟੇ ਦਾ ਤਣਾ ਅਤੇ ਟਾਹਣੀਆਂ ਹੀ ਵਿਖਾਈ ਦਿੰਦੀਆਂ ਹਨ। ਹਰੀ ਸੁੰਡੀ ਦੇ ਅੰਡੇ ਸੁਨਹਿਰੀ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਹ ਇਕੱਠੇ ਦਿਖਾਈ ਦਿੰਦੇ ਹਨ। ਇਸ ਦਾ ਲਾਰਵਾ ਹਰੇ ਰੰਗ ਦਾ ਹੁੰਦਾ ਹੈ।
ਇਨ੍ਹਾਂ ਕੀੜਿਆਂ ਦੇ ਹਮਲੇ ਦੀ ਤੀਬਰਤਾ ਜਾਣਨ ਲਈ ਰੌਸ਼ਨੀ ਕਾਰਡ ਦੀ ਵਰਤੋਂ ਕਰੋ। ਇੱਕ ਏਕੜ ਵਿੱਚ 5 ਸੈੱਕਸ ਫੇਰੋਮੋਨ ਟਰੈਪ ਲਾਓ। ਇਨ੍ਹਾਂ ਕੀੜਿਆਂ ਦੀ ਹੱਥੀਂ ਵੀ ਜਾਂਚ ਕਰੋ। ਇਨ੍ਹਾਂ ਦਾ ਲਾਰਵਾ ਇਕੱਠ ਵਿਚ ਮਿਲਦਾ ਹੈ, ਉਸ ਨੂੰ ਇਕੱਠਾ ਕਰਕੇ ਜਲਦੀ ਹੀ ਨਸ਼ਟ ਕਰ ਦਿਓ। ਜੇਕਰ ਇਨ੍ਹਾਂ ਦਾ ਹਮਲਾ ਬਹੁਤ ਜ਼ਿਆਦਾ ਹੋਵੇ ਤਾਂ ਕਲੋਰਪਾਇਰੀਫੋਸ 20 ਈ ਸੀ 1 ਲੀਟਰ ਪ੍ਰਤੀ ਏਕੜ ਜਾਂ ਕਲੋਰੈਂਟਰਾਨੀਲੀਪਰੋਲ 18.5% ਐਸ ਸੀ 60 ਮਿ.ਲੀ. ਪ੍ਰਤੀ ਏਕੜ ਜਾਂ ਡਾਈਫਲੂਬੈਂਜ਼ਿਊਰੋਨ 25% ਡਬਿਲਊ ਪੀ 100-150 ਗ੍ਰਾਮ ਪ੍ਰਤੀ ਏਕੜ ਵਿੱਚ ਕਿਸੇ ਇੱਕ ਦੀ ਸਪਰੇਅ ਕਰੋ। ਕੀਟਨਾਸ਼ਕਾਂ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ।




 

ਤੇਲਾ

ਤੇਲਾ: ਨਵੇਂ ਜਨਮੇ ਅਤੇ ਵੱਡੇ ਤੇਲੇ ਪੱਤਿਆਂ ਦੇ ਹੇਠਲੇ ਪਾਸੇ ਤੋਂ ਰਸ ਚੂਸ ਲੈਂਦੇ ਹਨ, ਜਿਸ ਨਾਲ ਪੱਤਾ ਮੁੜ ਜਾਂਦਾ ਹੈ। ਇਸ ਤੋਂ ਬਾਅਦ ਪੱਤੇ ਲਾਲ ਜਾਂ ਭੂਰੇ ਹੋ ਜਾਂਦੇ ਹਨ ਅਤੇ ਫਿਰ ਸੁੱਕ ਦੇ ਡਿੱਗ ਪੈਂਦੇ ਹਨ। ਜੜ੍ਹਾਂ ਕੋਲ ਕਾਰਬੋਫਿਊਰਨ 3 ਜੀ 14 ਕਿਲੋ ਜਾਂ ਫੋਰੇਟ 10 ਜੀ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਨਮੀ ਵਾਲੀ ਮਿੱਟੀ ਵਿੱਚ ਪਾਓ। ਜਦੋਂ ਫਸਲ ਦਾ ਉਪਰਲਾ ਹਿੱਸਾ ਪੀਲਾ ਪੈਣ ਲੱਗੇ ਅਤੇ ਪੌਦੇ ਦੇ 50% ਤੱਕ ਪੱਤੇ ਮੁੜ ਜਾਣ ਤਾਂ ਕੀਟਨਾਸ਼ਕ ਦੀ ਸਪਰੇਅ ਕਰੋ। ਇਮੀਡਾਕਲੋਪ੍ਰਿਡ 17.8 ਐਸ ਐਲ 40-50 ਮਿ.ਲੀ. ਜਾਂ ਥਾਇਓਮੈਥੋਕਸਮ 40 ਗ੍ਰਾਮ ਜਾਂ ਐਸੇਟਾਮਿਪ੍ਰਿਡ 75 ਗ੍ਰਾਮ ਪ੍ਰਤੀ ਏਕੜ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਧੱਬੇਦਾਰ ਸੁੰਡੀ

ਧੱਬੇਦਾਰ ਸੁੰਡੀ: ਇਸਦੀ ਸੁੰਡੀ ਜਾਂ ਲਾਰਵਾ ਹਲਕੇ ਹਰੇ-ਕਾਲੇ ਚਮਕਦਾਰ ਰੰਗ ਦਾ ਹੁੰਦਾ ਹੈ ਅਤੇ ਸਰੀਰ ਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ। ਸੁੰਡੀ ਦੇ ਹਮਲੇ ਕਾਰਣ ਫੁੱਲ ਨਿਕਲਣ ਤੋਂ ਪਹਿਲਾਂ ਹੀ ਟਾਹਣੀਆਂ ਸੁੱਕ ਜਾਂਦੀਆਂ ਹਨ ਅਤੇ ਫਿਰ ਝੜ ਜਾਂਦੀਆਂ ਹਨ। ਇਹ ਟੀਂਡਿਆਂ ਵਿੱਚ ਸੁਰਾਖ ਕਰ ਦਿੰਦੀ ਹੈ ਅਤੇ ਫਿਰ ਟੀਂਡੇ ਗਲ਼ ਜਾਂਦੇ ਹਨ।
ਜੇਕਰ ਇਸ ਦਾ ਹਮਲਾ ਦਿਖੇ ਤਾਂ ਰੋਕਥਾਮ ਲਈ, ਪ੍ਰੋਫੈਨੋਫੋਸ 50 ਈ ਸੀ 500 ਮਿ.ਲੀ. ਪ੍ਰਤੀ 200 ਲੀਟਰ ਪਾਣੀ ਦੀ ਪ੍ਰਤੀ ਏਕੜ ਵਿੱਚ ਸਪਰੇਅ ਕਰੋ।

ਮਿਲੀ ਬੱਗ

ਮਿਲੀ ਬੱਗ: ਇਹ ਪੱਤਿਆਂ ਦੇ ਹੇਠਲੇ ਪਾਸੇ ਇਕੱਠ ਵਿਚ ਪਾਇਆ ਜਾਂਦਾ ਹੈ ਅਤੇ ਇਹ ਚਿਪਚਿਪਾ ਪਦਾਰਥ ਛੱਡਦਾ ਹੈ। ਚਿਪਚਿਪੇ ਪਦਾਰਥ ਦੇ ਕਾਰਨ ਪੱਤਿਆਂ ਤੇ ਉੱਲੀ ਬਣਦੀ ਹੈ, ਜਿਸ ਨਾਲ ਪੌਦੇ ਬਿਮਾਰ ਪੈ ਜਾਂਦੇ ਹਨ ਅਤੇ ਕਾਲੇ ਰੰਗ ਦੇ ਵਿਖਾਈ ਦਿੰਦੇ ਹਨ।
ਇਸ ਦੀ ਰੋਕਥਾਮ ਲਈ ਮੱਕੀ, ਬਾਜਰਾ ਅਤੇ ਜਵਾਰ ਦੀਆਂ ਫਸਲਾਂ ਨਰਮੇ ਦੀ ਫਸਲ ਦੇ ਆਲੇ-ਦੁਆਲੇ ਉਗਾਓ। ਨੁਕਸਾਨੇ ਪੌਦਿਆਂ ਨੂੰ ਪੁੱਟ ਕੇ ਪਾਣੀ ਦੇ ਸਰੋਤਾਂ ਜਾਂ ਖਾਲੀ ਥਾਵਾਂ ਤੇ ਨਾ ਸੁੱਟੋ, ਬਲਕਿ ਇਨ੍ਹਾਂ ਨੂੰ ਸਾੜ ਦਿਓ। ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਘਾਹ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ। ਇਸਨੂੰ ਨਵੇਂ ਖੇਤਰਾਂ ਵਿੱਚ ਫੈਲਣ ਤੋਂ ਰੋਕਣ ਲਈ, ਨੁਕਸਾਨੇ ਖੇਤਰਾਂ ਵਾਲੇ ਇਨਸਾਨਾਂ ਜਾਂ ਜਾਨਵਰਾਂ ਨੂੰ ਸਿਹਤਮੰਦ ਖੇਤਰਾਂ ਵਿੱਚ ਜਾਣ ਤੋਂ ਰੋਕ ਲਗਾਓ। ਸ਼ੁਰੂਆਤੀ ਸਮੇਂ ਨਿੰਮ ਦੇ ਬੀਜਾਂ ਦਾ ਅਰਕ 5% 50 ਮਿ.ਲੀ. ਪ੍ਰਤੀ ਲੀਟਰ+ਕੱਪੜੇ ਧੋਣ ਵਾਲਾ ਸਰਫ 1 ਗ੍ਰਾਮ ਪ੍ਰਤੀ ਲੀਟਰ ਨੁਕਸਾਨੇ ਪੌਦਿਆਂ ਦੇ ਧੱਬਿਆਂ ਤੇ ਪਾਓ। ਜੇਕਰ ਇਸ ਹਮਲਾ ਗੰਭੀਰ ਹੋਵੇ ਤਾਂ ਪ੍ਰੋਫੈਨੋਫੋਸ 500 ਮਿ.ਲੀ. ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਇੱਕ ਚਮਚ ਵਾਸ਼ਿੰਗ ਪਾਊਡਰ 15 ਲੀਟਰ ਦੀ ਟੈਂਕੀ ਵਿੱਚ ਮਿਕਸ ਕਰੋ ਜਾਂ ਕੁਇਨਲਫੋਸ 25 ਈ ਸੀ 5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਕਲੋਰਪਾਇਰੀਫੋਸ 20 ਈ ਸੀ 3 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।


ਚਿੱਟੀ ਮੱਖੀ

ਚਿੱਟੀ ਮੱਖੀ: ਇਸ ਦੇ ਬੱਚੇ ਪੀਲੇ ਰੰਗ ਦੇ ਅਤੇ ਅੰਡਾਕਾਰ ਆਕਾਰ ਦੇ ਹੁੰਦੇ ਹਨ, ਜਦ ਕਿ ਮੱਖੀ ਦੇ ਸਰੀਰ ਦਾ ਰੰਗ ਪੀਲਾ ਹੁੰਦਾ ਹੈ ਅਤੇ ਇੱਕ ਸਫੇਦ ਮੋਮ ਵਰਗੇ ਪਦਾਰਥ ਨਾਲ ਢੱਕਿਆ ਹੁੰਦਾ ਹੈ। ਇਹ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਨਾਲ ਪ੍ਰਕਾਸ਼ ਸੰਸਲੇਸ਼ਣ ਕਿਰਿਆ ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਹ ਮੱਖੀ ਪੱਤਾ-ਮਰੋੜ ਬਿਮਾਰੀ ਦਾ ਵੀ ਮਾਧਿਅਮ ਬਣਦੀ ਹੈ। ਇਸ ਦਾ ਹਮਲਾ ਜ਼ਿਆਦਾ ਹੋਣ ਨਾਲ ਪੱਤਿਆਂ ਦਾ ਝੜਨਾ, ਟੀਂਡਿਆਂ ਦਾ ਝੜਨਾ ਅਤੇ ਟੀਂਡਿਆਂ ਦਾ ਪੂਰੀ ਤਰ੍ਹਾਂ ਨਾ ਖਿੜਨਾ ਆਦਿ ਆਮ ਤੌਰ ਤੇ ਦੇਖਿਆ ਜਾ ਸਕਦਾ ਹੈ। ਇਸ ਨਾਲ ਪੌਦਿਆਂ ਤੇ ਉੱਲੀ ਬਣ ਜਾਂਦੀ ਹੈ ਅਤੇ ਪੌਦੇ ਬਿਮਾਰ ਅਤੇ ਕਾਲੇ ਦਿਖਾਈ ਦਿੰਦੇ ਹਨ।
ਇੱਕ ਹੀ ਖੇਤ ਵਿੱਚ ਵਾਰ ਵਾਰ ਨਰਮਾ ਨਾ ਉਗਾਓ। ਫਸਲੀ-ਚੱਕਰ ਦੇ ਤੌਰ ਤੇ ਬਾਜਰਾ, ਰਾਗੀ, ਮੱਕੀ ਆਦਿ ਫਸਲਾਂ ਅਪਣਾਓ। ਫਸਲ ਦੇ ਬੇਲੋੜੇ ਵਿਕਾਸ ਨੂੰ ਰੋਕਣ ਲਈ ਨਾਈਟ੍ਰੋਜਨ ਦੀ ਬੇਲੋੜੀ ਵਰਤੋਂ ਨਾ ਕਰੋ। ਫਸਲ ਨੂੰ ਸਮੇਂ-ਸਿਰ ਬੀਜੋ। ਖੇਤ ਨੂੰ ਸਾਫ ਰੱਖੋ। ਨਰਮੇ ਦੀ ਫਸਲ ਨਾਲ ਬੈਂਗਣ, ਭਿੰਡੀ, ਟਮਾਟਰ, ਤੰਬਾਕੂ ਅਤੇ ਸੂਰਜਮੁਖੀ ਦੀ ਫਸਲ ਨਾ ਉਗਾਓ। ਚਿੱਟੀ ਮੱਖੀ ਦੀ ਨਿਗਰਾਨੀ ਲਈ ਪੀਲੇ ਚਿਪਕਣ ਵਾਲੇ ਕਾਰਡ 2 ਪ੍ਰਤੀ ਏਕੜ ਲਾਓ। ਜੇਕਰ ਚਿੱਟੀ ਮੱਖੀ ਦਾ ਹਮਲਾ ਦਿਖੇ ਤਾਂ ਟ੍ਰਾਈਜ਼ੋਫੋਸ 3 ਮਿ.ਲੀ. ਪ੍ਰਤੀ ਲੀਟਰ ਜਾਂ ਥਾਇਆਕਲੋਪ੍ਰਿਡ 4.5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਜਾਂ ਐਸੇਟਾਮਿਪ੍ਰਿਡ 4 ਗ੍ਰਾਮ ਜਾਂ ਐਸਿਫੇਟ 75 ਡਬਲਿਊ ਪੀ 800 ਗ੍ਰਾਮ ਪ੍ਰਤੀ 200 ਲੀਟਰ ਪਾਣੀ ਜਾਂ ਇਮੀਡਾਕਲੋਪ੍ਰਿਡ 40 ਮਿ.ਲੀ. ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਜਾਂ ਥਾਇਆਮੈਥੋਕਸਮ 40 ਗ੍ਰਾਮ ਪ੍ਰਤੀ ਏਕੜ ਵਿੱਚ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਥ੍ਰਿਪਸ

ਥ੍ਰਿਪਸ: ਛੋਟੇ ਅਤੇ ਵੱਡੇ ਥ੍ਰਿਪਸ ਪੱਤਿਆਂ ਦੇ ਹੇਠਲੇ ਪਾਸਿਓਂ ਰਸ ਚੂਸਦੇ ਹਨ। ਪੱਤਿਆਂ ਦਾ ਉਪਰਲਾ ਪਾਸਾ ਭੂਰਾ ਹੋ ਜਾਂਦਾ ਹੈ ਅਤੇ ਹੇਠਲੇ ਪਾਸਿਓਂ ਚਾਂਦੀ ਰੰਗਾ ਸਫੇਦ ਹੋ ਜਾਂਦਾ ਹੈ।
ਫਸਲ ਨੂੰ ਚੇਪੇ, ਪੱਤੇ ਦੇ ਟਿੱਡੇ ਅਤੇ ਥ੍ਰਿਪਸ ਤੋਂ 8 ਹਫਤਿਆਂ ਤੱਕ ਬਚਾਉਣ ਲਈ, ਇਮੀਡਾਕਲੋਪਰਿਡ 70 ਡਬਲਿਊ ਐਸ ਵਿੱਚ 7 ਮਿ.ਲੀ. ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧੋ। ਮਿਥਾਈਲ ਡੈਮੀਟਨ 25 ਈ ਸੀ 160 ਮਿ.ਲੀ., ਬੁਪਰੋਫੇਂਜ਼ਿਨ 25% ਐਸ ਸੀ 350 ਮਿ.ਲੀ., ਫਿਪਰੋਨਿਲ 5% ਐਸ ਸੀ 200-300 ਮਿ.ਲੀ., ਇਮੀਡਾਕਲੋਪ੍ਰਿਡ 70% ਡਬਲਿਊ ਜੀ 10-30 ਮਿ.ਲੀ., ਥਾਇਆਮੈਥੋਕਸਮ 25% ਡਬਲਿਊ ਜੀ 30 ਗ੍ਰਾਮ ਵਿੱਚੋਂ ਕਿਸੇ ਇੱਕ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।

 

ਘਾਟ ਅਤੇ ਇਸਦਾ ਇਲਾਜ

ਪੱਤਿਆਂ ਵਿੱਚ ਲਾਲੀ ਆਉਣਾ: ਸ਼ੁਰੂਆਤ ਵਿੱਚ ਇਹ ਵੱਡਿਆਂ ਪੱਤਿਆਂ ਵਿੱਚ ਪਾਈ ਜਾਂਦੀ ਹੈ ਅਤੇ ਫਿਰ ਪੌਦੇ ਦੇ ਉੱਪਰਲੇ ਪੂਰੇ ਹਿੱਸੇ ਵਿੱਚ ਫੈਲ ਜਾਂਦੀ ਹੈ। ਇਸਨੂੰ ਸਹੀ ਖਾਦ ਪ੍ਰਬੰਧ ਨਾਲ ਠੀਕ ਕੀਤਾ ਜਾ ਸਕਦਾ ਹੈ। ਪੱਤਿਆਂ ਤੇ ਮੈਗਨੀਸ਼ੀਅਮ ਸਲਫੇਟ 1 ਕਿਲੋ, ਫਿਰ ਯੂਰੀਆ 2 ਕਿਲੋ ਪ੍ਰਤੀ 100 ਲੀਟਰ ਪਾਣੀ ਵੱਚ ਮਿਲਾ ਕੇ ਸਪਰੇਅ ਕਰੋ।

ਨਾਈਟ੍ਰੋਜਨ ਦੀ ਘਾਟ: ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਕੱਦ ਮੱਧਰਾ ਰਹਿ ਜਾਂਦਾ ਹੈ। ਹੇਠਲੇ ਪੱਤੇ ਪੀਲੇ ਦਿਖਾਈ ਦਿੰਦੇ ਹਨ। ਗੰਭੀਰ ਹਾਲਾਤਾਂ ਵਿੱਚ ਪੱਤੇ ਭੂਰੇ ਹੋ ਜਾਂਦੇ ਹਨ ਅਤੇ ਫਿਰ ਸੁੱਕ ਜਾਂਦੇ ਹਨ।

ਫਾਸਫੋਰਸ ਦੀ ਘਾਟ: ਨਵੇਂ ਪੱਤੇ ਗੂੜੇ ਹਰੇ ਦਿਖਾਈ ਦਿੰਦੇ ਹਨ। ਪੁਰਾਣੇ ਪੱਤੇ ਛੋਟੇ ਆਕਾਰ ਦੇ ਹੋ ਜਾਂਦੇ ਹਨ ਅਤੇ ਇਨ੍ਹਾਂ ਤੇ ਜਾਮਣੀ ਅਤੇ ਲਾਲ ਧੱਬੇ ਪੈ ਜਾਂਦੇ ਹਨ।

ਪੋਟਾਸ਼ ਦੀ ਘਾਟ: ਪੋਟਾਸ਼ ਦੀ ਘਾਟ ਨਾਲ, ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਟੀਂਡੇ ਵੀ ਪੂਰੀ ਤਰ੍ਹਾਂ ਖਿੜਦੇ ਨਹੀਂ ਹਨ। ਪੱਤੇ ਮੁੜ ਜਾਂਦੇ ਹਨ ਅਤੇ ਫਿਰ ਸੁੱਕ ਜਾਂਦੇ ਹਨ।

ਜ਼ਿੰਕ ਦੀ ਘਾਟ: ਇਸ ਨਾਲ ਪੌਦੇ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ ਅਤੇ ਪੌਦੇ ਦਾ ਕੱਦ ਮੱਧਰਾ ਰਹਿ ਜਾਂਦਾ ਹੈ। ਇਸਦੀਆਂ ਸ਼ਾਖਾਂ ਸੁੱਕ ਜਾਂਦੀਆਂ ਹਨ ਅਤੇ ਫਿਰ ਪੌਦੇ ਦਾ ਸਿਰ੍ਹਾ ਜਾਂ ਨਵੇਂ ਪੱਤੇ ਖਰਾਬ ਹੋ ਜਾਂਦੇ ਹਨ।
 

ਫਸਲ ਦੀ ਕਟਾਈ

ਜਦੋਂ ਟੀਂਡੇ ਪੂਰੀ ਤਰ੍ਹਾਂ ਖਿੜ੍ਹ ਜਾਣ ਤਾਂ ਰੂੰ ਦੀ ਚੁਗਾਈ ਕਰੋ। ਸੁੱਕੇ ਟੀਂਡਿਆਂ ਦੀ ਚੁਗਾਈ ਕਰੋ, ਰੂੰ ਸੁੱਕੇ ਹੋਏ ਪੱਤਿਆਂ ਤੋਂ ਬਿਨ੍ਹਾਂ ਹੀ ਚੁਗੋ। ਖਰਾਬ ਟੀਂਡਿਆਂ ਨੂੰ ਅਲੱਗ ਤੋਂ ਚੁਗੋ ਅਤੇ ਬੀਜ ਦੇ ਤੌਰ 'ਤੇ ਵਰਤਣ ਲਈ ਰੱਖੋ। ਪਹਿਲੀ ਅਤੇ ਆਖਿਰੀ ਚੁਗਾਈ ਆਮ ਤੌਰ ਘੱਟ ਕੁਆਲਿਟੀ ਦੀ ਹੁੰਦੀ ਹੈ, ਇਸ ਲਈ ਇਸ ਨੂੰ ਵਧੀਆ ਮੁਨਾਫਾ ਲੈਣ ਲਈ ਬਾਕੀ ਦੀ ਫਸਲ ਨਾਲ ਨਾ ਮਿਲਾਓ। ਚੁਗੇ ਹੋਏ ਟੀਂਡੇ ਸਾਫ-ਸੁਥਰੇ ਅਤੇ ਸੁੱਕੇ ਹੋਏ ਹੋਣੇ ਚਾਹੀਦੇ ਹਨ। ਚੁਗਾਈ ਤਰੇਲ ਸੁੱਕਣ ਤੋਂ ਬਾਅਦ ਕਰੋ। ਚੁਗਾਈ ਹਰ 7-8 ਦਿਨਾਂ ਬਾਅਦ ਲਗਾਤਾਰ ਕਰੋ, ਤਾਂ ਜੋ ਰੂੰ ਦੇ ਧਰਤੀ 'ਤੇ ਡਿੱਗਣ ਨਾਲ ਪੁੱਜਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਅਮਰੀਕਨ ਨਰਮੇ ਨੂੰ 15-20 ਦਿਨਾਂ ਅਤੇ ਦੇਸੀ ਨਰਮੇ ਨੂੰ 8-10 ਦਿਨਾਂ ਦੇ ਫਾਸਲੇ 'ਤੇ ਚੁਗੋ। ਚੁਗੇ ਹੋਏ ਟੀਂਡਿਆਂ ਨੂੰ ਮੰਡੀ ਲਿਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ ਕਰੋ।

ਕਟਾਈ ਤੋਂ ਬਾਅਦ

ਚੁਗਾਈ ਤੋਂ ਬਾਅਦ ਭੇਡਾਂ, ਬੱਕਰੀਆਂ ਅਤੇ ਹੋਰ ਜਾਨਵਰਾਂ ਨੂੰ ਨਰਮੇ ਦੇ ਖੇਤਾਂ ਵਿੱਚ ਚਰਨ ਲਈ ਛੱਡ ਦਿਓ ਤਾਂ ਜੋ ਇਹ ਜਾਨਵਰ ਸੁੰਡੀਆਂ ਤੋਂ ਪ੍ਰਭਾਵਿਤ ਟੀਂਡਿਆਂ ਅਤੇ ਪੱਤਿਆਂ ਨੂੰ ਖਾ ਸਕਣ। ਆਖਰੀ ਚੁਗਾਈ ਤੋਂ ਬਾਅਦ ਛਟੀਆਂ ਨੂੰ ਜੜਾਂ ਸਮੇਤ ਪੁੱਟ ਦਿਓ। ਸਫਾਈ ਰੱਖਣ ਲਈ ਪੌਦਿਆਂ ਦੀ ਬਾਕੀ ਬਚੀ ਰਹਿੰਦ-ਖੂੰਹਦ ਨੂੰ ਮਿੱਟੀ ਵਿਚ ਦਬਾ ਦਿਓ। ਛਟੀਆਂ ਬੰਨਣ ਤੋਂ ਪਹਿਲਾਂ ਬੰਦ ਟੀਂਡਿਆਂ ਨੂੰ ਧਰਤੀ ਤੇ ਮਾਰ ਕੇ ਜਾਂ ਤੋੜ ਕੇ ਅਲੱਗ ਕਰ ਦਿਓ ਅਤੇ ਸਾੜ ਦਿਓ ਤਾਂ ਜੋ ਸੁੰਡੀ ਦੇ ਲਾਰਵੇ ਨੂੰ ਨਸ਼ਟ ਕੀਤਾ ਜਾ ਸਕੇ। ਚੁਗਾਈ ਤੋਂ ਬਾਅਦ ਛਟੀਆਂ ਨੂੰ ਪੁੱਟਣ ਲਈ ਦੋ ਖਾਲੀਆਂ ਬਣਾਉਣ ਵਾਲੇ ਟਰੈਕਟਰ ਨਾਲ ਵਾਹੀ ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare