ਆਮ ਜਾਣਕਾਰੀ
ਸ਼ੰਖਪੁਸ਼ਪੀ ਨੂੰ ਬਹੁਤ ਹੀ ਮਹੱਤਵਪੂਰਨ ਜੜ੍ਹੀ-ਬੂਟੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਕਿਉਂਕਿ ਇਸ ਤੋਂ ਬਹੁਤ ਸਾਰੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸਦੀ ਵਰਤੋਂ ਜ਼ਿਆਦਾਤਰ ਆਯੁਰਵੈਦਿਕ ਦਵਾਈਆਂ ਲਈ ਕੀਤੀ ਜਾਂਦੀ ਹੈ। ਇਸਦੇ ਸਾਰੇ ਭਾਗਾਂ, ਜਿਵੇਂ ਕਿ ਪੱਤੇ, ਜੜ੍ਹਾਂ, ਤਣੇ ਅਤੇ ਹੋਰ ਵਿਕਸਿਤ ਭਾਗਾਂ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ। ਸ਼ੰਖਪੁਸ਼ਪੀ ਤੋਂ ਤਿਆਰ ਦਵਾਈਆਂ ਨੂੰ ਦਮਾ, ਬ੍ਰੋਂਕਾਈਟਿਸ, ਉਨੀਂਦਰੇ, ਮਾਨਸਿਕ ਬਿਮਾਰੀਆਂ, ਹੈਮੇਟੇਮਿਸਿਸ, ਕਬਜ਼ ਅਤੇ ਛਾਲਿਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਹ ਇੱਕ ਸਦਾਬਹਾਰ ਜੜ੍ਹੀ-ਬੂਟੀ ਹੈ, ਜਿਸ ਦਾ ਔਸਤਨ ਕੱਦ 2-3 ਇੰਚ ਹੁੰਦਾ ਹੈ। ਇਸਦੇ ਪੱਤੇ ਲੰਬੂਤਰੇ, ਫੁੱਲ ਨੀਲੇ ਰੰਗ ਦੇ ਅਤੇ 6-10 ਕਾਲੇ ਬੀਜ ਹੁੰਦੇ ਹਨ। ਇਹ ਮੁੱਖ ਤੌਰ 'ਤੇ ਭਾਰਤ, ਸ਼੍ਰੀਲੰਕਾ ਅਤੇ ਮਿਆਂਮਾਰ ਵਿੱਚ ਉਗਾਈ ਜਾਂਦੀ ਹੈ। ਭਾਰਤ ਵਿੱਚ ਤੁਲਸੀ ਮਹਿਰੌਨੀ ਅਤੇ ਲਲਿਤਪੁਰ ਦੇ ਜੰਗਲਾਂ ਵਿੱਚ ਸਭ ਤੋਂ ਵੱਧ ਪਾਈ ਜਾਂਦੀ ਹੈ।