ਆਮ ਜਾਣਕਾਰੀ
ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ ਹੈ। ਪੁਦੀਨੇ ਨੂੰ ਤੇਲ, ਟੂਥਪੇਸਟ, ਮਾਊਥ ਵਾਸ਼ ਅਤੇ ਹੋਰ ਕਈ ਵਿਅੰਜਨਾਂ ਵਿੱਚ ਸੁਆਦ ਲਈ ਵਰਤਿਆਂ ਜਾਂਦਾ ਹੈ। ਇਸਦੇ ਪੱਤੇ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਪੁਦੀਨੇ ਤੋਂ ਤਿਆਰ ਦਵਾਈਆਂ ਨੂੰ ਨੱਕ, ਜੋੜਾਂ ਦੇ ਦਰਦ, ਗਠੀਆ, ਨਾੜੀਆਂ, ਪੇਟ ਵਿੱਚ ਗੈਸ ਅਤੇ ਸੋਜ ਆਦਿ ਦਾ ਇਲਾਜ ਕਰਨ ਲਈ ਵਰਤਿਆ ਜਾਂਦਾ ਹੈ। ਇਸ ਨੂੰ ਬਹੁਤ ਸਾਰੀਆਂ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਇੱਕ ਛੋਟੀ ਜੜ੍ਹੀ-ਬੂਟੀ ਹੈ, ਜਿਸ ਦੀ ਔਸਤਨ ਉੱਚਾਈ 1-2 ਫੁੱਟ ਹੁੰਦੀ ਹੈ ਅਤੇ ਇਸ ਦੇ ਨਾਲ ਜੜ੍ਹਾਂ ਵੀ ਫੈਲੀਆਂ ਹੁੰਦੀਆ ਹਨ। ਇਸਦੇ ਪੱਤੇ 3.7-10 ਸੈ.ਮੀ. ਲੰਬੇ ਹੁੰਦੇ ਹਨ ਅਤੇ ਇਸਦੇ ਫੁੱਲ ਛੋਟੇ ਅਤੇ ਜਾਮੁਨੀ ਰੰਗ ਦੇ ਹੁੰਦੇ ਹਨ। ਇਸਦਾ ਮੂਲ ਸਥਾਨ ਮੈਡਿਟੇਰੇਨਿਅਨ ਬੇਸਿਨ ਹੈ। ਇਹ ਮੁੱਖ ਤੌਰ 'ਤੇ ਅੰਗੋਲਾ, ਥਾਈਲੈਂਡ, ਚੀਨ, ਅਰਜਨਟੀਨਾ, ਬ੍ਰਾਜ਼ੀਲ, ਜਾਪਾਨ, ਭਾਰਤ ਅਤੇ ਪੈਰਾਗੁਏ ਵਿੱਚ ਪਾਈ ਜਾਣ ਵਾਲੀ ਜੜ੍ਹੀ-ਬੂਟੀ ਹੈ। ਭਾਰਤ ਵਿੱਚ ਉੱਤਰ ਪ੍ਰਦੇਸ਼ ਅਤੇ ਪੰਜਾਬ ਪੁਦੀਨਾ ਉਗਾਉਣ ਵਾਲੇ ਮੁੱਖ ਖੇਤਰ ਹਨ।