ਆਮ ਜਾਣਕਾਰੀ
ਅਸ਼ਵਗੰਧਾ ਨੂੰ ਚਮਤਕਾਰੀ ਜੜ੍ਹੀ-ਬੂਟੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਤੋਂ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾ ਸਕਦੀਆਂ ਹਨ। ਇਸਦਾ ਨਾਮ ਅਸ਼ਵਗੰਧਾ ਇਸ ਲਈ ਹੈ ਕਿਉਂਕਿ ਇਸਦੀਆਂ ਜੜ੍ਹਾਂਦੀ ਗੰਧ(ਮਹਿਕ) ਘੋੜੇ ਵਰਗੀ ਹੁੰਦੀ ਹੈ ਅਤੇ ਇਹ ਸਰੀਰ ਨੂੰ ਘੋੜੇ ਵਰਗੀ ਤਾਕਤ ਦਿੰਦਾ ਹੈ। ਇਸਦੇ ਬੀਜ, ਜੜ੍ਹਾਂ ਅਤੇ ਪੱਤੇ ਕਈ ਤਰ੍ਹਾਂ ਦੀਆਂ ਦਵਾਈਆਂ ਤਿਆਰ ਕਰਨ ਲਈ ਵਰਤੇ ਜਾਂਦੇ ਹਨ। ਇਸ ਤੋਂ ਤਿਆਰ ਕੀਤੀਆਂ ਦਵਾਈਆਂ ਤਣਾਅ ਅਤੇ ਨਪੁੰਸਕਤਾ ਦੂਰ ਕਰਨ ਲਈ ਅਤੇ ਚਿੰਤਾ, ਨਿਰਾਸ਼ਾ, ਫੋਬੀਆ, ਸ਼ਾਈਜ਼ੋਫਰੀਨੀਆ ਆਦਿ ਨੂੰ ਵੀ ਕੰਟਰੋਲ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਇੱਕ ਟਾਹਣੀਆਂ ਵਾਲੀ ਝਾੜੀ ਹੈ, ਜਿਸਦਾ ਔਸਤਨ ਕੱਦ 30-120 ਸੈ.ਮੀ. ਅਤੇ ਜੜ੍ਹਾਂ ਚਿੱਟੇ-ਭੂਰੇ ਰੰਗ ਦੀਆਂ ਗੁੱਦੇਦਾਰ ਹੁੰਦੀਆਂ ਹਨ। ਇਸਦੇ ਫੁੱਲ ਹਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਨਾਲ ਸੰਤਰੀ-ਲਾਲ ਰੰਗ ਦੇ ਬੇਰ ਬਰਗੇ ਫਲ ਲੱਗੇ ਹੁੰਦੇ ਹਨ। ਭਾਰਤ ਵਿੱਚ ਮੁੱਖ ਅਸ਼ਵਗੰਧਾ ਉਗਾਉਣ ਵਾਲੇ ਰਾਜ ਰਾਜਸਥਾਨ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਹਨ।